ਭਾਰਤ-ਦੱਖਣੀ ਅਫਰੀਕਾ ਇੱਕ ਰੋਜ਼ਾ ਲੜੀ ਰੱਦ
ਨਵੀਂ ਦਿੱਲੀ – ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਲਖਨਊ ਅਤੇ ਕੋਲਕਾਤਾ ਵਿੱਚ ਹੋਣ ਵਾਲੇ ਆਖ਼ਰੀ ਦੋ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਕਰੋਨਾਵਾਇਰਸ ਦੇ ਖ਼ੌਫ ਕਾਰਨ ਅੱਜ ਰੱਦ ਕਰ ਦਿੱਤੇ ਗਏ। ਇਸ ਆਲਮੀ ਮਹਾਂਮਾਰੀ ਕਾਰਨ ਵਿਸ਼ਵ ਭਰ ਵਿੱਚ ਹੁਣ ਤੱਕ ਕਈ ਖੇਡ ਟੂਰਨਾਮੈਂਟ ਰੱਦ ਕੀਤੇ ਗਏ ਹਨ। ਬੀਤੇ ਤਿੰਨ ਦਹਾਕਿਆਂ ਵਿੱਚ ਇਹ ਦੂਜਾ ਮੌਕਾ ਹੈ, ਜਦੋਂ ਭਾਰਤ ਵਿੱਚ ਕੋਈ ਕੌਮਾਂਤਰੀ ਲੜੀ ਵਿਚਾਲੇ ਹੀ ਰੱਦ ਕਰਨੀ ਪਈ।ਇਸ ਤੋਂ ਪਹਿਲਾਂ ਸਾਲ 2014 ਵਿੱਚ ਵੈਸਟ ਇੰਡੀਜ਼ ਦੀ ਟੀਮ ਆਪਣੇ ਬੋਰਡ ਨਾਲ ਭੁਗਤਾਨ ਵਿਵਾਦ ਕਾਰਨ ਲੜੀ ਵਿਚਾਲੇ ਛੱਡ ਕੇ ਦੇਸ਼ ਪਰਤ ਗਈ ਸੀ। ਬੀਸੀਸੀਆਈ ਦੇ ਅਧਿਕਾਰੀ ਨੇ ਕਿਹਾ, ‘‘ਆਈਪੀਐੱਲ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਇਹ ਮੌਕੇ ਸਮਝਦਾਰੀ ਹੈ ਕਿ ਇਸ ਲੜੀ ਨੂੰ ਵੀ ਰੱਦ ਕਰ ਦਿੱਤਾ ਜਾਵੇ। ਦੇਸ਼ ਗੰਭੀਰ ਵਾਇਰਸ ਦਾ ਸਾਹਮਣਾ ਕਰ ਰਿਹਾ ਹੈ।’’ ਬੋਰਡ ਅਧਿਕਾਰੀ ਨੇ ਦੱਸਿਆ, ‘‘ਭਾਰਤ ਵਿੱਚ ਵਧਦੇ ਮਾਮਲਿਆਂ ਨੂੰ ਵੇਖਦਿਆਂ ਦੱਖਣੀ ਅਫਰੀਕੀ ਟੀਮ ਲੜੀ ਵਿੱਚ ਹਿੱਸਾ ਲੈਣ ਦੀ ਇੱਛੁਕ ਨਹੀਂ ਸੀ। ਜਾਪਦਾ ਹੈ ਖਿਡਾਰੀ ਦਹਿਸ਼ਤ ਵਿੱਚ ਹਨ ਅਤੇ ਛੇਤੀ ਤੋਂ ਛੇਤੀ ਦੇਸ਼ ਪਰਤਣਾ ਚਾਹੁੰਦੇ ਹਨ।’’ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਧਰਮਸ਼ਾਲਾ ਵਿੱਚ ਪਹਿਲਾ ਇੱਕ ਰੋਜ਼ਾ ਮੈਚ ਮੀਂਹ ਦੀ ਭੇਂਟ ਚੜ੍ਹ ਗਿਆ ਸੀ। ਲਖਨਊ ਵਿੱਚ ਮੈਚ ਐਤਵਾਰ ਨੂੰ ਜਦਕਿ ਕੋਲਕਾਤਾ ਵਿੱਚ 18 ਮਾਰਚ ਨੂੰ ਖੇਡਿਆ ਜਾਣਾ ਸੀ। ਬੀਸੀਸੀਆਈ ਨੇ ਮਗਰੋਂ ਬਿਆਨ ਜਾਰੀ ਕਰਕੇ ਕਿਹਾ ਕਿ ਲੜੀ ਬਾਅਦ ਵਿੱਚ ਕਰਵਾਈ ਜਾਵੇਗੀ।






