Skip to content

ਰਾਣਾ ਸੋਢੀ ਨੇ 8 ਕਰੋੜ ਦੀ ਲਾਗਤ ਨਾਲ ਸ੍ਰੀ ਗੁਰੂ ਰਾਮਦਾਸ ਖੇਡ ਸਟੇਡੀਅਮ ਦੀ ਅਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਿਆ

Share this story

ਖੇਡ ਸਟੇਡੀਅਮ ਵਿੱਚ 400 ਮੀਟਰ ਅਥਲੈਟਿਕਸ ਟਰੈਕ, 6 ਲੇਨ ਦੇ ਸਿੰਥੈਟਿਕ ਟਰੈਕ, ਨਵੇਂ ਪਵੀਲੀਅਨ ਬਲਾਕ, ਆਧੁਨਿਕ ਜਿੰਮ ਅਤੇ ਖੇਡ ਮੈਦਾਨਾਂ ਦੀ ਹੋਵੇਗੀ ਉਸਾਰੀ

ਚੰਡੀਗੜ – ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਗੁਰੂਹਰਸਹਾਏ ਜ਼ਿਲਾ ਫ਼ਿਰੋਜ਼ਪੁਰ ਵਿਖੇ 8 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਰਾਮਦਾਸ ਸਟੇਡੀਅਮ ਦੀ ਅਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਿਆ।ਸੰਖੇਪ ਸਮਾਗਮ ਦੌਰਾਨ ਕੈਬਨਿਟ ਮੰਤਰੀ ਰਾਣਾ ਸੋਢੀ ਨੇ ਦੱਸਿਆ ਕਿ 8 ਕਰੋੜ ਤੋਂ ਵੱਧ ਦੀ ਰਾਸ਼ੀ ਨਾਲ ਇਸ ਖੇਡ ਸਟੇਡੀਅਮ ਦੀ ਅਪਗ੍ਰੇਡੇਸ਼ਨ ਕੀਤੀ ਜਾਵੇਗੀ, ਜਿਸ ਵਿੱਚ 400 ਮੀਟਰ ਅਥਲੈਟਿਕਸ ਟਰੈਕ, 6 ਲੇਨ ਸਿੰਥੈਟਿਕ ਟਰੈਕ, ਨਵੇਂ ਪਵੀਲੀਅਨ ਬਲਾਕ, ਆਧੁਨਿਕ ਜਿੰਮ ਅਤੇ ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਕਰਵਾਇਆ ਜਾਵੇਗਾ ਤਾਂ ਜੋ ਖਿਡਾਰੀਆਂ ਨੂੰ ਆਧੁਨਿਕ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਖਿਡਾਰੀਆਂ ਨੂੰ ਵਧੀਆ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਯਤਨ ਕਰ ਰਹੀ ਹੈ। ਇਸ ਤਹਿਤ ਰਾਜ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਨਵੇਂ ਸਟੇਡੀਅਮਾਂ ਦੀ ਉਸਾਰੀ ਅਤੇ ਪਹਿਲਾਂ ਬਣੇ ਸਟੇਡੀਅਮਾਂ ਦੀ ਅਪਗ੍ਰੇਡੇਸ਼ਨ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ।
ਰਾਣਾ ਸੋਢੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਲਾਕੇ ਦੇ ਹਾਕੀ ਪ੍ਰੇਮੀਆਂ ਦੀ ਮੰਗ ਨੂੰ ਪੂਰਾ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਫ਼ਿਰੋਜ਼ਪੁਰ ਵਿਖੇ 5.5 ਕਰੋੜ ਦੀ ਲਾਗਤ ਨਾਲ ਐਸਟ੍ਰੋਟਰਫ ਲਵਾਉਣ ਦਾ ਐਲਾਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਫਿਰੋਜ਼ਪੁਰ ਦੀ ਧਰਤੀ ਨੂੰ ਹਾਕੀ ਦੀ ਨਰਸਰੀ ਅਤੇ ਹਾਕੀ ਦੇ ਗੜ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਜਿੱਥੇ ਫਿਰੋਜ਼ਪੁਰ ਦੀ ਧਰਤੀ ਨੇ ਸੈਂਕੜੇ ਹਾਕੀ ਖਿਡਾਰੀ ਪੈਦਾ ਕੀਤੇ ਹਨ, ਉੱਥੇ ਕਈ ਹਾਕੀ ਉਲੰਪੀਅਨ ਵੀ ਪੈਦਾ ਕੀਤੇ ਹਨ। ਉਨਾਂ ਕਿਹਾ ਕਿ ਐਸਟ੍ਰੋਟਰਫ ਲੱਗਣ ਨਾਲ ਨਾ ਸਿਰਫ਼ ਫਿਰੋਜ਼ਪੁਰ ਇਲਾਕੇ ਨੂੰ ਲਾਭ ਹੋਵੇਗਾ, ਸਗੋਂ ਆਲੇ-ਦੁਆਲੇ ਦੇ ਜ਼ਿਲਿਆਂ ਨੂੰ ਵੀ ਵੱਡਾ ਫਾਇਦਾ ਮਿਲੇਗਾ।ਉਨਾਂ ਕਿਹਾ ਕਿ ਰਾਜ ਦੇ ਖੇਡ ਵਿਭਾਗ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਜਿੱਥੇ ਪੰਜਾਬ ਸਰਕਾਰ ਵੱਲੋਂ ਖੇਡ ਇਨਾਮਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ, ਉੱਥੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਵੀ ਉਪਰਾਲੇ ਕੀਤੇ ਗਏ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਉੱਚ ਪੱਧਰੀ ਖੇਡ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਲਈ ਪੂਰੀ ਤਰਾਂ ਵਚਨਬੱਧ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ, ਸੀਨੀਅਰ ਕਾਂਗਰਸੀ ਆਗੂ ਅਨੁਮੀਤ ਸਿੰਘ ਹੀਰਾ ਸੋਢੀ, ਐਸ.ਡੀ.ਐਮ. ਪਰਮਿੰਦਰ ਸਿੰਘ ਅਰੋੜਾ, ਐਕਸੀਅਨ ਸੰਜੇ ਮਹਾਜਨ ਖੇਡ ਵਿਭਾਗ, ਜ਼ਿਲਾ ਖੇਡ ਅਫਸਰ ਸੁਨੀਲ ਸ਼ਰਮਾ, ਨੀਲਮ ਤਹਿਸੀਲਦਾਰ, ਗੁਰਦੀਪ ਸਿੰਘ ਢਿੱਲੋਂ, ਅੰਮਿ੍ਰਤਪਾਲ ਸਿੰਘ, ਨਸੀਬ ਸਿੰਘ ਸੰਧੂ, ਦਵਿੰਦਰ ਜੰਗ, ਚੇਅਰਮੈਨ ਮਾਰਕੀਟ ਕਮੇਟੀ ਵੇਦ ਪ੍ਰਕਾਸ਼, ਪ੍ਰਧਾਨ ਆੜਤੀਆ ਐਸੋਸੀਏਸ਼ਨ ਰਵੀ ਸ਼ਰਮਾ, ਅੰਗਰੇਜ਼ ਸਿੰਘ, ਬਲਕਾਰ ਸਿੰਘ, ਵਿੱਕੀ ਸੰਧੂ, ਚੇਅਰਮੈਨ ਬਲਾਕ ਸਮਿਤੀ ਸੋਹਣ ਸਿੰਘ, ਨਛੱਤਰ ਸਿੰਘ, ਕੁਲਦੀਪ ਧਵਨ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Share this story
WRITTEN BY

BREAKING