Skip to content

ਵਿਅਕਤੀਗਤ ਖੇਡਾਂ ਲਈ ਸਿਖਲਾਈ ਸੈਸ਼ਨ ਛੇਤੀ ਹੋਣਗੇ ਸ਼ੁਰੂ: ਰਾਣਾ ਸੋਢੀ

Share this story

ਕੋਵਿਡ-19 ਕੇਸਾਂ ਦੀ ਗਿਣਤੀ ਲਗਾਤਾਰ ਘਟਣ ਕਾਰਨ ਖੇਡ ਵਿਭਾਗ ਨੇ ਸਿਹਤ ਵਿਭਾਗ ਤੋਂ ਲੋੜੀਂਦੇ ਸੁਰੱਖਿਆ ਪ੍ਰੋਟੋਕਾਲ ਮੰਗੇ

ਚੰਡੀਗੜ੍ਹ – ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕਿਹਾ ਕਿ ਸੂਬੇ ਭਰ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਲਗਾਤਾਰ ਘਟਣ ਕਾਰਨ ਖੇਡ ਵਿਭਾਗ ਅਥਲੈਟਿਕ ਖੇਡਾਂ ਲਈ ਖਿਡਾਰੀਆਂ ਦੇ ਸਿਖਲਾਈ ਸੈਸ਼ਨ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਖੇਡ ਮੰਤਰੀ ਨੇ ਕਿਹਾ ਕਿ ਵਿਭਾਗ ਇਸ ਸਮੇਂ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ਦੀ ਆਨਲਾਈਨ ਸਿਖਲਾਈ ਦੇ ਰਿਹਾ ਹੈ ਅਤੇ ਹੁਣ ਅਥਲੀਟਾਂ ਦੀ ਮਾਨਸਿਕ ਤਿਆਰੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਅਕਤੀਗਤ ਖੇਡਾਂ ਲਈ ਮਾਨਸਿਕ ਤਿਆਰੀ ਵਾਸਤੇ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਵੱਡੀ ਗਿਣਤੀ ਖਿਡਾਰੀਆਂ ਦੇ ਆਉਣ ਦੀਆਂ ਰਿਪੋਰਟਾਂ ਮਿਲਣ ਕਾਰਨ ਹੁਣ ਵਿਭਾਗ ਨੇ ਅਥਲੈਟਿਕਸ, ਜੈਵਲਿਨ ਥ੍ਰੋ, ਸ਼ਾਟ ਪੁੱਟ, ਲੰਬੀ ਤੇ ਉੱਚੀ ਛਾਲ, ਵੇਟ ਲਿਫਟਿੰਗ ਵਰਗੀਆਂ ਵਿਅਕਤੀਗਤ ਖੇਡਾਂ ਲਈ ਆਮ ਵਾਂਗ ਪ੍ਰੈਕਟਿਸ ਸੈਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਰਾਣਾ ਸੋਢੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਸਿਰਫ਼ ਸਾਮਾਨ ਦੀ ਹੀ ਸਾਂਝੀ ਵਰਤੋਂ ਹੁੰਦੀ ਹੈ ਪਰ ਖਿਡਾਰੀ ਇਕ ਦੂਜੇ ਦੇ ਸਿੱਧੇ ਸੰਪਰਕ ਵਿੱਚ ਨਹੀਂ ਆਉਂਦੇ, ਜਿਸ ਕਾਰਨ ਉਨ੍ਹਾਂ ਨੂੰ ਕੋਰੋਨਾ ਦੀ ਲਾਗ ਲੱਗਣ ਦਾ ਖ਼ਤਰਾ ਘੱਟ ਹੈ।ਖੇਡ ਮੰਤਰੀ ਨੇ ਸਪੱਸ਼ਟ ਕਿਹਾ ਕਿ ਕੋਵਿਡ ਮਹਾਂਮਾਰੀ ਕਾਰਨ ਪੈਦਾ ਹੋਈ ਸਥਿਤੀ ਵਿੱਚ ਖਿਡਾਰੀਆਂ ਨੂੰ ਆਗਾਮੀ ਖੇਡ ਮੁਕਾਬਲਿਆਂ ਲਈ ਤਿਆਰ ਰੱਖਣ ਵਾਸਤੇ ਵਿਅਕਤੀਗਤ ਸਿਖਲਾਈ ਸੈਸ਼ਨ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਸਿਹਤ ਵਿਭਾਗ ਤੋਂ ਸਿਹਤ ਪ੍ਰੋਟੋਕੋਲ ਮੰਗੇ ਗਏ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਤੋਂ ਹਦਾਇਤਾਂ ਮਿਲਣ ਤੋਂ ਬਾਅਦ ਖਿਡਾਰੀਆਂ ਲਈ ਵਿਅਕਤੀਗਤ ਸਿਖਲਾਈ ਸ਼ੁਰੂ ਕਰਨ ਦੀ ਪ੍ਰਵਾਨਗੀ ਸਬੰਧੀ ਫਾਈਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੀ ਜਾਵੇਗੀ।ਰਾਣਾ ਸੋਢੀ ਨੇ ਕਿਹਾ ਕਿ ਕੋਰੋਨਾ ਦੇ ਕੇਸ ਘਟਣ ਕਾਰਨ ਵਿਅਕਤੀਗਤ ਖੇਡਾਂ ਲਈ ਪ੍ਰੈਕਟਿਸ ਸੈਸ਼ਨ ਸ਼ੁਰੂ ਕਰਨ ਸਬੰਧੀ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ ਤੋਂ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕੋਰੋਨਾ ਦੇ ਕੇਸ ਹੋਰ ਘਟਦੇ ਹਨ ਤਾਂ ਖਿਡਾਰੀਆਂ ਦੇ ਸੁਰੱਖਿਆ ਮਾਪਦੰਡਾਂ ਦੀ ਸਮੀਖਿਆ ਕਰਨ ਮਗਰੋਂ ਟੀਮ ਖੇਡਾਂ ਵਿੱਚ ਸਿਖਲਾਈ ਸੈਸ਼ਨ ਸ਼ੁਰੂ ਕਰਨ ਦੇ ਫੈਸਲੇ ਉਤੇ ਵੀ ਵਿਚਾਰ ਕੀਤਾ ਜਾਵੇਗਾ।

Share this story
WRITTEN BY

BREAKING