Skip to content

ਸ਼੍ਰੋਮਣੀ ਕਮੇਟੀ ਦੀ ਸੌ ਸਾਲਾ ਸਥਾਪਨਾ ਸਬੰਧੀ ਇਤਿਹਾਸਕ ਚਿੱਤਰ ਪ੍ਰਦਰਸ਼ਨੀ ਆਰੰਭ

Share this story

32 ਇਤਿਹਾਸਕ ਚਿੱਤਰ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਕਰ ਰਹੇ ਹਨ ਪੇਸ਼

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੌ ਸਾਲਾ ਸਥਾਪਨਾ ਦਿਵਸ ਮੌਕੇ ਸੰਗਤਾਂ ਨੂੰ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਕੁਰਬਾਨੀਆਂ ਭਰੇ ਇਤਿਹਾਸ ਦੇ ਰੂਬਰੂ ਕਰਨ ਦੇ ਮੰਤਵ ਨਾਲ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਚਿੱਤਰ ਪ੍ਰਦਰਸ਼ਨੀ ਨਾਲ ਸ਼ਤਾਬਦੀ ਸਮਾਗਮਾਂ ਦੀ ਅੱਜ ਆਰੰਭਤਾ ਹੋਈ। ਸ੍ਰੀ ਦਰਬਾਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਵਿਸ਼ੇਸ਼ ਪੰਡਾਲ ਵਿਚ ਇਹ ਚਿੱਤਰ ਪ੍ਰਦਰਸ਼ਨੀ ਲਗਾਈ ਗਈ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਵਿਸ਼ੇਸ਼ ਰੁਚੀ ਨਾਲ ਇਸ ਪ੍ਰਦਰਸ਼ਨੀ ਲਈ ਬੀਤੇ ਦਿਨੀਂ ਲਗਾਈ ਗਈ ਚਿੱਤਰਕਲਾ ਕਾਰਜਸ਼ਾਲਾ ਦੌਰਾਨ ਪੰਜਾਬ ਭਰ ਦੇ ਚਿੱਤਰਕਾਰਾਂ ਵੱਲੋਂ 32 ਚਿੱਤਰ ਤਿਆਰ ਕੀਤੇ ਗਏ ਸਨ। ਇਨ੍ਹਾਂ ਚਿੱਤਰਾਂ ਰਾਹੀਂ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਤੋਂ ਪਹਿਲਾਂ ਕੀਤੇ ਗਏ ਸੰਘਰਸ਼ ਦੇ ਨਾਲ-ਨਾਲ ਸਾਕਿਆਂ ਅਤੇ ਮੋਰਚਿਆਂ ਦੇ ਇਤਿਹਾਸ ਨੂੰ ਵੀ ਦਰਸਾਇਆ ਗਿਆ ਹੈ। ਅੱਜ ਬਾਅਦ ਦੁਪਹਿਰ ਆਰੰਭ ਕੀਤੀ ਗਈ ਚਿੱਤਰ ਪ੍ਰਦਰਸ਼ਨੀ ਪ੍ਰਤੀ ਸੰਗਤਾਂ ਵੱਲੋਂ ਭਰਵਾਂ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਪ੍ਰਦਰਸ਼ਨੀ ’ਚ ਲਗਾਏ ਗਏ ਚਿੱਤਰਾਂ ਵਿਚ ਮਹੰਤਾਂ ਪਾਸੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਖ਼ਾਲਸਾ ਪੰਥ ਵੱਲੋਂ ਆਪਣੇ ਹੱਥਾਂ ਵਿਚ ਲੈਣ, ਸਾਕਾ ਨਨਕਾਣਾ ਸਾਹਿਬ, ਸਾਕਾ ਗੁਰੂ ਕਾ ਬਾਗ, ਜੈਤੋ ਦਾ ਮੋਰਚਾ, ਕਿਰਪਾਨ ਦਾ ਮੋਰਚਾ, ਨਾਭਾ ਦੀ ਖੂਨੀ ਜ਼ੇਲ੍ਹ ਦੇ ਦ੍ਰਿਸ਼ ਦੇ ਨਾਲ-ਨਾਲ ਕਈ ਪ੍ਰਮੁੱਖ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਜਥੇਦਾਰ ਤੇਜਾ ਸਿੰਘ ਸਮੁੰਦਰੀ, ਸ. ਤੇਜਾ ਸਿੰਘ ਭੁੱਚਰ ਆਦਿ ਸ਼ਾਮਲ ਹਨ ਦੇ ਭਾਵਪੂਰਤ ਚਿੱਤਰ ਸੰਗਤਾਂ ਦੀ ਉਤਸੁਕਤਾ ਦਾ ਕੇਂਦਰ ਬਣੇ ਹੋਏ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਰਹੇ ਪ੍ਰਧਾਨ ਸਾਹਿਬਾਨ ਨੂੰ ਇਕ ਚਿੱਤਰ ਵਿਚ ਦਿਖਾ ਕੇ ਸਿੱਖ ਸੰਸਥਾ ਦੀ ਵਿਸ਼ਾਲਤਾ ਨੂੰ ਦਰਸਾਇਆ ਗਿਆ ਹੈ। ਪ੍ਰਦਰਸ਼ਤ ਕੀਤੇ ਗਏ ਚਿੱਤਰਾਂ ਦੇ ਨਾਲ ਪੰਜਾਬੀ ਅਤੇ ਅੰਗਰੇਜ਼ੀ ਵਿਚ ਸਬੰਧਤ ਇਤਿਹਾਸ ਨੂੰ ਵੀ ਸੰਖੇਪ ਰੂਪ ਵਿਚ ਵੀ ਦਿੱਤਾ ਗਿਆ ਹੈ, ਤਾਂ ਜੋ ਸੰਗਤਾਂ ਆਸਾਨੀ ਨਾਲ ਚਿੱਤਰ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਣ।ਵਰਨਣਯੋਗ ਹੈ ਕਿ ਇਹ ਚਿੱਤਰ ਪ੍ਰਦਰਸ਼ਨੀ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਨੂੰ ਸਮਰਪਿਤ ਸਮਾਗਮਾਂ ਦੌਰਾਨ ਜਾਰੀ ਰਹੇਗੀ। ਸ਼੍ਰੋਮਣੀ ਕਮੇਟੀ ਦਾ ਸ਼ਤਾਬਦੀ ਸਮੇਂ ਚਿੱਤਰ ਪ੍ਰਦਰਸ਼ਨੀ ਤਿਆਰ ਕਰਨ ਦਾ ਇਹ ਦੂਸਰਾ ਮੌਕਾ ਹੈ। ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਵੀ ਵਿਸ਼ੇਸ਼ ਤੌਰ ’ਤੇ ਚਿੱਤਰ ਤਿਆਰ ਕਰਵਾ ਕੇ ਪ੍ਰਦਰਸ਼ਨੀ ਲਗਾਈ ਗਈ ਸੀ।

Share this story
WRITTEN BY

BREAKING