April 25, 2026
#ਪੰਜਾਬ #ਭਾਰਤੀ ਡਾਇਸਪੋਰਾ

ਧਰਮ ਪ੍ਰਚਾਰ, ਸਿੱਖ ਸਮੱਸਿਆਵਾਂ ਦੇ ਹੱਲ, ਵਿਦਿਆ ਦੇ ਪ੍ਰਸਾਰ ਅਤੇ ਵਾਤਾਵਰਣ ਦੇ ਸੁਧਾਰ ਲਈ ਕੀਤੇ ਜਾਣਗੇ ਯਤਨ-ਭਾਈ ਲੌਂਗੋਵਾਲ

ਅੰਮ੍ਰਿਤਸਰ – ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਕਮੇਟੀ ਦੇ ਸਫ਼ਰ ’ਤੇ ਝਾਤ ਪਾਉਂਦਿਆਂ ਭਵਿੱਖ ਵਿਚ ਹੋਰ ਦ੍ਰਿੜ੍ਹਤਾ ਨਾਲ ਪੰਥਕ ਸੇਵਾਵਾਂ ਨਿਭਾਉਣ ਦਾ ਪੰਥ ਨੂੰ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਨਾ ਕੇਵਲ ਗੁਰਦੁਆਰਾ ਪ੍ਰਬੰਧਾਂ ਬਲਕਿ ਸਮੁੱਚੀ ਮਾਨਵਤਾ ਦੀ ਸੇਵਾ ਵਿਚ ਸ਼੍ਰੋਮਣੀ ਕਮੇਟੀ ਦੀ ਵਿਲੱਖਣ ਦੇਣ ਹੈ। ਇਸ ਮੌਕੇ ਉਨ੍ਹਾਂ ਸ਼੍ਰੋਮਣੀ ਕਮੇਟੀ ਦਾ ਭਵਿੱਖੀ ਏਜੰਡੇ ਦਾ ਐਲਾਨ ਕਰਦਿਆਂ ਧਰਮ ਪ੍ਰਚਾਰ ਦੀ ਲਹਿਰ ਨੂੰ ਅਧੁਨਿਕ ਸਾਧਨਾਂ ਦੀ ਵਰਤੋਂ ਨਾਲ ਹੋਰ ਪ੍ਰਚੰਡ ਕਰਨ ਦੀ ਵਚਨਬਧਤਾ ਪ੍ਰਗਟਾਈ। ਇਸ ਦੇ ਨਾਲ ਹੀ ਉਨ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਜ਼ੁੰਮੇਵਾਰੀਆਂ ਦੇ ਅਹਿਸਾਸ ਦਾ ਪ੍ਰਗਟਾਵਾ ਕਰਦਿਆਂ ਵਿਸ਼ਵ ਭਰ ਦੇ ਸਿੱਖਾਂ ਲਈ ਗੁਰਮਤਿ ਅਨੁਸਾਰ ਸੇਵਾ ਨਿਭਾਉਣ, ਵਿਦਿਆ ਦੇ ਪ੍ਰਚਾਰ ਪ੍ਰਸਾਰ ਅਤੇ ਵੱਖ-ਵੱਖ ਥਾਵਾਂ ’ਤੇ ਵੱਸ ਰਹੇ ਸਿੱਖਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ਵ ਪੱਧਰੀ ਸਲਾਹਕਾਰ ਕਮੇਟੀ ਦੇ ਗਠਨ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਵੱਧ ਰਹੇ ਪ੍ਰਦੂਸ਼ਣ ਦੇ ਹੱਲ ਲਈ ਵਾਤਾਵਰਨ ਲਹਿਰ ਤਹਿਤ ਹਰ ਗੁਰਦੁਆਰਾ ਸਾਹਿਬ ਤੋਂ ਬੂਟਾ ਪ੍ਰਸ਼ਾਦ ਦੇਣ, ਪਿੰਡਾਂ ਕਸਬਿਆਂ ਸ਼ਹਿਰਾਂ ਵਿਚ ਗ੍ਰੰਥੀ ਸਾਹਿਬਾਨ ਨੂੰ ਗੁਰਬਾਣੀ ਸੰਥਿਆ ਅਤੇ ਸਿੱਖ ਰਹਿਤ ਮਰਯਾਦਾ ਵਿਚ ਪ੍ਰਪੱਕ ਬਣਾਉਣ, ਧਰਮੀ ਫ਼ੌਜੀਆਂ ਦੀ ਪੈਨਸ਼ਨ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਪੈਰਵਾਈ ਕਰਨ, ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਉਠਾਉਣ ਦਾ ਵੀ ਅਹਿਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਧਰਮ ਪ੍ਰਚਾਰ ਪ੍ਰਸਾਰ ਲਈ ਮੁੜ ਦ੍ਰਿੜ੍ਹਤਾ ਦਾ ਪ੍ਰਗਟਾਵਾ ਕਰਦਿਆਂ ਅਗਲੇ ਪੂਰੇ ਵਰ੍ਹੇ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਉਲੀਕਣ ਦਾ ਵੀ ਐਲਾਨ ਕੀਤਾ।