Skip to content

ਕੇਂਦਰ ਸਰਕਾਰ ਨੇ ਦਿਤਾ ਭਰੋਸਾ, ਝੋਨੇ ਦੇ ਸੀਜਨ ਦੌਰਾਨ ਬਿਜਲੀ ਦੀ ਦਿੱਕਤ ਨਹੀਂ ਹੋਵੇਗੀ

Share this story

ਚੰਡੀਗੜ੍ਹ : ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਸਾਡੇ ਕਿਸਾਨ 14 ਜੂਨ ਤੋਂ ਝੋਨੇ ਦੀ ਬਿਜਾਈ ਕਰਨਗੇ ਅਤੇ ਅਸੀਂ ਉਨ੍ਹਾਂ ਲਈ ਬਿਜਾਈ ਦੇ ਸੁਚਾਰੂ ਅਤੇ ਸੁਚੱਜੇ ਤਜਰਬੇ ਨੂੰ ਯਕੀਨੀ ਬਣਾਉਣ ਵਾਸਤੇ ਪੂਰੀ ਤਰ੍ਹਾਂ ਤਿਆਰ ਹਾਂ, ਜਿਸ ਲਈ ਅਸੀਂ ਕੇਂਦਰ ਸਰਕਾਰ ਨੂੰ ਕੋਲੇ ਦੀ ਲੋੜੀਂਦੀ ਸਪਲਾਈ ਦੇ ਰੂਪ ਵਿੱਚ ਸਮੇਂ ਸਿਰ ਹਰ ਸਹਾਇਤਾ ਦੇਣ ਦੀ ਬੇਨਤੀ ਕੀਤੀ ਹੈ। ਮੰਤਰੀ ਨੇ ਅੱਗੇ ਕਿਹਾ ਕਿ ਬਿਜਾਈ ਲਈ ਬਿਜਲੀ ਦੀ ਸਿਖਲਰੀ ਮੰਗ ਨੂੰ ਪੂਰਾ ਕਰਨ ਲਈ ਸਾਨੂੰ ਰੋਜ਼ਾਨਾ 20 ਰੈਕ ਕੋਲੇ ਦੀ ਲੋੜ ਹੈ।ਕੇਂਦਰੀ ਮੰਤਰੀਆਂ ਦੇ ਠੋਸ ਯਤਨਾਂ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਬਿਜਲੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸਾਡੀਆਂ ਸਾਰੀਆਂ ਮੰਗਾਂ ਨੂੰ ਹੱਲ ਕਰਨ ਲਈ ਕੇਂਦਰ ਵੱਲੋਂ ਇਸ ਮੁੱਦੇ ਦਾ ਇੱਕ ਵਿਹਾਰਕ ਹੱਲ ਯਕੀਨੀ ਬਣਾਇਆ ਜਾਵੇਗਾ।

ਦਰਅਸਲ ਪੰਜਾਬ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਕੇਂਦਰੀ ਬਿਜਲੀ ਅਤੇ ਕੋਲਾ ਮੰਤਰੀਆਂ ਵੱਲੋਂ ਸੂਬੇ ਨੂੰ ਝੋਨੇ ਦੇ ਬਿਜਾਈ ਸੀਜ਼ਨ ਲਈ ਕੋਲੇ ਦੀ ਸਮੇਂ ਸਿਰ ਅਤੇ ਬਾਕਾਇਦਾ ਸਪਲਾਈ ਦਾ ਭਰੋਸਾ ਦਿੱਤਾ ਗਿਆ ਹੈ। ਇਹ ਭਰੋਸਾ ਕੇਂਦਰੀ ਬਿਜਲੀ ਅਤੇ ਗੈਰ-ਨਵਿਆਉਣਯੋਗ ਊਰਜਾ ਮੰਤਰੀ ਰਾਜ ਕੁਮਾਰ ਸਿੰਘ ਅਤੇ ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਦੀ ਸਹਿ-ਪ੍ਰਧਾਨਗੀ ਹੇਠ ਵੀਡੀਓ ਕਾਨਫਰੰਸਿੰਗ ਰਾਹੀਂ ਪੰਜਾਬ ਸਮੇਤ ਸੂਬਿਆਂ ਨਾਲ ਹੋਈ ਸਮੀਖਿਆ ਮੀਟਿੰਗ ਦੌਰਾਨ ਦਿੱਤਾ ਗਿਆ।

ਮੀਟਿੰਗ ਦੌਰਾਨ ਝੋਨੇ ਦੀ ਨਿਰਵਿਘਨ ਬਿਜਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਨੂੰ ਕੋਲੇ ਦੀ ਨਿਯਮਤ ਸਪਲਾਈ ਦੀ ਲੋੜ `ਤੇ ਜ਼ੋਰ ਦਿੰਦਿਆਂ ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਆਉਣ ਵਾਲੇ ਸੀਜ਼ਨ ਦੇ ਮੱਦੇਨਜ਼ਰ ਸਮੇਂ ਸਿਰ ਅਤੇ ਕੁਸ਼ਲ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੇਂਦਰ ਨੂੰ ਬੇਨਤੀ ਕੀਤੀ ।ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੇਸ਼ ਭਰ ਵਿੱਚ ਕੋਲੇ ਦੀ ਮੌਜੂਦਾ ਸਥਿਤੀ ਬਾਰੇ ਸੂਬੇ ਦੀਆਂ ਚਿੰਤਾਵਾਂ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਨੂੰ ਬਿਜਲੀ ਦੀ ਕਿੱਲਤ ਦੇ ਲੰਬੇ ਸਮੇਂ ਦੇ ਹੱਲ ਲਈ ਬਦਲਵੇਂ ਪ੍ਰਬੰਧ ਕਰਨ ਦੀ ਅਪੀਲ ਕੀਤੀ ।

Share this story
WRITTEN BY

BREAKING