ਜੰਮੂ-ਕਸ਼ਮੀਰ ਸੋਪੋਰ ਵਿੱਚ ਸੁਰੱਖਿਆ ਫੋਰਸਾਂ ਵਲੋਂ ਲਸ਼ਕਰ ਦਾ ਅੱਤਵਾਦੀ ਢੇਰ
ਸ਼੍ਰੀਨਗਰ – ਜੰਮੂ-ਕਸ਼ਮੀਰ ਦੇ ਸੋਪੋਰ ਵਿੱਚ ਸੁਰੱਖਿਆ ਫੋਰਸਾਂ ਨੇ ਇਕ ਅੱਤਵਾਦੀ ਨੂੰ ਮਾਰ ਸੁੱਟਿਆ ਹੈ| ਸੁਰੱਖਿਆ ਫੋਰਸਾਂ ਨੂੰ ਅੱਜ ਸਵੇਰੇ ਅੱਤਵਾਦੀ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ| ਇਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਮੁਹਿੰਮ ਚਲਾਈ| ਇਸ ਦੌਰਾਨ ਲਸ਼ਕਰ-ਏ-ਤੋਇਬਾ ਦੇ ਮੋਸਟ ਵਾਂਟੇਡ ਅੱਤਵਾਦੀ ਆਸਿਫ਼ ਨੂੰ ਢੇਰ ਕਰ ਦਿੱਤਾ ਗਿਆ| ਹਾਲ ਵਿੱਚ ਆਸਿਫ ਨੇ ਸੋਪੋਰ ਵਿੱਚ ਗੋਲੀਬਾਰੀ ਕੀਤੀ ਸੀ, ਜਿਸ ਵਿੱਚ ਫਲ ਵਪਾਰੀ ਦੇ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਸਨ| ਇਸ ਗੋਲੀਬਾਰੀ ਵਿੱਚ 2 ਪੁਲੀਸ ਕਰਮਚਾਰੀ ਵੀ ਜ਼ਖਮੀ ਹੋਏ ਹਨ| ਪੁਲੀਸ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅੱਤਵਾਦ ਦੀ ਇਕ ਘਟਨਾ ਵਿੱਚ ਅੱਤਵਾਦੀਆਂ ਨੇ ਸੋਪੋਰ ਦੇ ਡੰਗਰਪੋਰਾ ਵਿੱਚ ਇਕ ਬੱਚੀ ਸਮੇਤ ਚਾਰ ਲੋਕਾਂ ਤੇ ਗੋਲੀਆਂ ਚੱਲਾ ਦਿੱਤੀਆਂ, ਜਿਸ ਨਾਲ ਉਹ ਸਾਰੇ ਜ਼ਖਮੀ ਹੋ ਗਏ| ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ| ਉਨ੍ਹਾਂ ਦੀ ਹਾਲਤ ਸਥਿਰ ਹੈ| ਇਕ ਨਿਊਜ਼ ਏਜੰਸੀ ਅਨੁਸਾਰ, ਇਸ ਸਾਲ ਦੇ ਪਹਿਲੇ 8 ਮਹੀਨਿਆਂ ਵਿੱਚ ਭਾਰਤੀ ਫੌਜ ਨੇ 139 ਅੱਤਵਾਦੀ ਮਾਰੇ ਹਨ| ਇਸ ਗਿਣਤੀ ਵਿੱਚ ਕੰਟਰੋਲ ਰੇਖਾ ਦੇ ਨਾਲ-ਨਾਲ ਸੂਬੇ ਦੇ ਅੰਦਰੂਨੀ ਇਲਾਕਿਆਂ ਵਿੱਚ ਫੌਜ ਨਾਲ ਮੁਕਾਬਲੇ ਵਿੱਚ ਮਾਰੇ ਗਏ ਅਤੱਵਾਦੀਆਂ ਦੀ ਗਿਣਤੀ ਵੀ ਸ਼ਾਮਲ ਹੈ| ਇਹ ਅੰਕੜੇ ਇਕ ਜਨਵਰੀ ਤੋਂ 29 ਅਗਸਤ ਤੱਕ ਫੌਜ ਵਲੋਂ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਬਾਰੇ ਹਨ| ਇਸ ਮਿਆਦ ਦੌਰਾਨ ਘਾਟੀ ਵਿੱਚ ਅੱਤਵਾਦੀ ਸੰਬੰਧੀ ਮੁਹਿੰਮਾਂ ਵਿੱਚ ਵੱਖ-ਵੱਖ ਰੈਂਕਾਂ ਨਾਲ ਜੁੜੇ 26 ਜਵਾਨ ਸ਼ਹੀਦ ਹੋਏ| ਸਾਲ ਦੇ ਪਹਿਲੇ 8 ਮਹੀਨਿਆਂ ਦੌਰਾਨ ਸਭ ਤੋਂ ਵੱਧ 8 ਜਵਾਨ ਫਰਵਰੀ ਵਿੱਚ ਸ਼ਹੀਦ ਹੋਏ|