April 28, 2026
#ਪੰਜਾਬ

ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ।

ਫਰੀਦਕੋਟ – 12ਵੀਂ ਸਦੀ ਦੇ ਮਹਾਨ ਸੂਫੀ ਦਰਵੇਸ਼ ਸ਼ੇਖ ਬਾਬਾ ਫਰੀਦ ਜਿੰਨਾਂ ਸਾਰੀ ਮਾਨਵ ਜਾਤੀ ਨੂੰ ਮਿੱਠਤ, ਹਲੀਮੀ, ਸਾਦਗੀ ਅਤੇ ਬੁਰੇ ਦਾ ਭਲਾ ਕਰਨ ਦਾ ਮਹਾਨ ਉਪਦੇਸ਼ ਦਿੱਤਾ। ਉਨਾਂ ਦੀਆਂ ਸਿੱਖਿਆਵਾਂ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦੇ ਮਨੋਰਥ ਸਦਕਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਫਰੀਦਕੋਟ ਵਿਖੇ 18 ਤੋਂ 28 ਸਤੰਬਰ ਤੱਕ ਮਨਾਏ ਜਾ ਰਹੇ ਆਗਮਨ ਪੁਰਬ ਦੇ 6ਵੇਂ ਦਿਨ ਸਰਬੱਤ ਦੇ ਭਲੇ ਲਈ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਟਿੱਲਾ ਬਾਬਾ ਫਰੀਦ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਇਆ ।ਇਸ ਵਿੱਚ ਸ਼ਾਮਿਲ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਵੱਖ-ਵੱਖ ਵਾਹਨਾਂ ‘ਤੇ ਲੱਗੇ ਲਾਊਂਡ ਸਪੀਕਰਾਂ ਰਾਹੀਂ ਬਾਬਾ ਫਰੀਦ ਜੀ ਦੀ ਇਲਾਹੀ ਬਾਣੀ ਦਾ ਗੁਣਗਾਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਨਗਰ ਕੀਰਤਨ ਵਿੱਚ ਸ਼ਾਮਿਲ ਇੱਕ ਵਿਸ਼ੇਸ਼ ਵਾਹਨ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਫੁੱਲਾਂ ਨਾਲ ਸਜਾਈ ਹੋਈ ਸੀ ਜਿਸ ‘ਤੇ ਦੋਨਾਂ ਰਸਤਿਆਂ ‘ਚ ਖੜੀ ਸਾਧ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਸੀਸ ਝੁਕਾਇਆ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਇਸ ਦੌਰਾਨ ਸਾਰੇ ਰਸਤੇ ‘ਤੇ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਨਗਰ ਕੀਰਤਨ ਦੇ ਅੱਗੇ ਅੱਗੇ ਚੱਲ ਕੇ ਪੂਰੇ ਰਸਤੇ ਦੀ ਸਫਾਈ ਦੀ ਸੇਵਾ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਸ਼ਰਧਾਲੂਆਂ ਵੱਲੋਂ ਥਾਂ-ਥਾਂ ‘ਤੇ ਚਾਹ, ਮਠਿਆਈ, ਫਲ ਆਦਿ ਦੇ ਲੰਗਰ ਵੀ ਲਗਾਏ ਗਏ। ਬਾਬਾ ਫਰੀਦ ਜੀ ਦੀ ਉਚਾਰੀ ਬਾਣੀ ਦਾ ਜਾਪ ਕਰਦਿਆਂ ਜਦ ਇਹ ਨਗਰ ਕੀਰਤਨ ਡਿਪਟੀ ਕਮਿਸ਼ਨਰ ਨਿਵਾਸ ਤੇ ਪਹੁੰਚਿਆਂ ਤਾਂ ਇੱਥੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਫਰੀਦਕੋਟ ਨੇ ਆਪਣੇ ਪਰਿਵਾਰ ਸਮੇਤ ਸ੍ਰੀ ਗੁਰੂ ਗਰੰਥ ਸਾਹਿਬ ਦੀ ਦੇਹ ਤੇ ਰੁਮਾਲਾ ਭੇਂਟ ਕੀਤਾ ਅਤੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਇਸ ਤੋਂ ਪਹਿਲਾਂ ਆਪਣੇ ਨਿਵਾਸ ਸਥਾਨ ਦੇ ਬਾਹਰ ਡਿਪਟੀ ਕਮਿਸ਼ਨਰ ਨੇ ਸ਼ਰਧਾਲੂਆਂ ਦੀ ਲੱਡੂਆਂ ਅਤੇ ਚਾਹ ਦੇ ਲੰਗਰ ਨਾਲ ਸੇਵਾ ਵੀ ਕੀਤੀ। ਇਸ ਤਰਾਂ ਇਹ ਮਹਾਨ ਨਗਰ ਕੀਰਤਨ ਸ਼ਹਿਰ ਦੇ ਪ੍ਰਮੁੱਖ ਚੌਂਕਾਂ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਮਾਈ ਗੋਦੜੀ ਸਾਹਿਬ ਵਿਖੇ ਪੁੱਜਾ ਤਾਂ ਇੱਥੇ ਪੁੱਜ ਕੇ ਇਸਨੇ ਵਿਸ਼ਾਲ ਧਾਰਮਿਕ ਦੀਵਾਨ ਦਾ ਰੂਪ ਧਾਰਣ ਕਰ ਲਿਆ ।ਇਸ ਮੌਕੇ ਮਸ਼ਹੂਰ ਰਾਗੀ ਜੱਥਿਆਂ ਵੱਲੋਂ ਸੰਗਤਾਂ ਨੂੰ ਆਪਣੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ ਗਿਆ।