ਕਾਰ-ਮੋਟਰਸਾਈਕਲਾਂ ਦੀ ਟੱਕਰ ‘ਚ 1 ਦੀ ਮੌਤ-3 ਜ਼ਖਮੀ
ਭਵਾਨੀਗੜ੍ਹ – ਅੱਜ ਦੁਪਹਿਰ ਇੱਥੇ ਕਾਕੜਾ ਰੋਡ ਤੇ ਅਲਪਾਈਨ ਪਬਿਲਕ ਸਕੂਲ ਦੀ ਨੇੜੇ ਇੱਕ ਆਲਟੋ ਕਾਰ ਨੇ ਦੋ ਮੋਟਰਸਾਈਕਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਇੱਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਅਤੇ ਕਾਰ ਚਾਲਕ ਸਮੇਤ ਤਿੰਨ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਵਾਸੀ ਕਾਕੜਾ ਆਪਣੀ ਆਲਟੋ ਕਾਰ ਤੇ ਭਵਾਨੀਗੜ੍ਹ ਤੋਂ ਕਾਕੜਾ ਵੱਲ ਜਾ ਰਿਹਾ ਸੀ ਕਿ ਅਲਪਾਈਨ ਪਬਲਿਕ ਸਕੂਲ ਤੋਂ ਅੱਗ ਜਾਂਦਿਆਂ ਹੀ ਇਸ ਦੀ ਕਾਰ ਨੇ ਦੋ ਮੋਟਰਸਾਈਕਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਕਾਰ ਮੋਟਰਸਾਈਕਲਾਂ ਨੂੰ ਫੇਟ ਮਾਰਨ ਤੋਂ ਬਾਅਦ ਸੜਕ ਦੇ ਇੱਕ ਪਾਸੇ ਖਤਾਨਾਂ ਵਿਚ ਦਰਖਤ ਵਿਚ ਵੱਜਕੇ ਰੁੱਕ ਗਈ। ਇਸ ਹਾਦਸੇ ਵਿਚ ਇੱਕ ਮੋਟਰਸਾਈਕਲ ਦਾ ਚਾਲਕ ਬਲਦੇਵ ਸਿੰਘ ਵਾਸੀ ਮਹਿਸਮਪੁਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂਕਿ ਇਸੇ ਮੋਟਰਸਾਈਕਲ ਤੇ ਸਵਾਰ ਦੂਜਾ ਵਿਅਕਤੀ ਦੇਵਰਾਜ ਵਾਸੀ ਭਵਾਨੀਗੜ੍ਹ ਗੰਭੀਰ ਜਖਮੀ ਹੋ ਗਿਆ। ਦੂਸਰੇ ਮੋਟਰਸਾਈਕਲ ਦਾ ਚਾਲਕ ਗੁਰਜੀਤ ਸਿੰਘ ਵੀ ਗੰਭੀਰ ਜਖਮੀ ਹੋ ਗਿਆ, ਕਾਰ ਚਾਲਕ ਦੇ ਵੀ ਕੁੱਝ ਚੋਟਾਂ ਆਈਆਂ ਹਨ। ਸੜਕ ਹਾਦਸੇ ਦੌਰਾਨ ਇੱਕ ਜਖਮੀ ਦਾ ਕੰਨ ਟੁੱਟਕੇ ਕਾਰ ਦੇ ਅਗਲੇ ਸੀਸੇ ਵਿਚ ਫਸਿਆ ਪਿਆ ਸੀ ਅਤੇ ਸੜਕ ਖੂਨ ਨਾਲ ਲਥਪਥ ਹੋ ਗਈ। ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਡਿਊਟੀ ਤੇ ਤਾਇਨਾਤ ਡਾ. ਪ੍ਰੀਤੀ ਗੌਤਮ ਨੇ ਦੱਸਿਆ ਕਿ ਮ੍ਰਿਤਕ ਬਲਦੇਵ ਸਿੰਘ ਦੀ ਦੇਹ ਪੋਸਟਮਾਰਟਮ ਲਈ ਭੇਜੀ ਜਾ ਰਹੀ ਹੈ, ਦੋਵੇਂ ਗੰਭੀਰ ਜਖਮੀਆਂ ਦੇਵ ਰਾਜ ਤੇ ਗੁਰਜੀਤ ਸਿੰਘ ਨੂੰ ਪਟਿਆਲੇ ਰੈਫਰ ਕਰ ਦਿੱਤਾ। ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ। ਮ੍ਰਿਤਕ ਬਲਦੇਵ ਸਿੰਘ ਵਾਸੀ ਮਹਿਸਮਪੁਰ ਦੇ ਵਾਰਸਾਂ ਨੇ ਕਿਹਾ ਕਿ ਕਾਰ ਚਾਲਕ ਸ਼ਰਾਬੀ ਹਾਲਤ ਵਿਚ ਗੱਡੀ ਚਲਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।






