April 23, 2026
#ਦੇਸ਼ ਦੁਨੀਆਂ

ਕਸ਼ਮੀਰ ਦੀ ਬਜਾਏ ਚੀਨ ਵਿੱਚ ਫੜੇ ਉਇਗਰ ਮੁਸਲਮਾਨਾਂ ਦੀ ਚਿੰਤਾ ਕਰੇ ਪਾਕਿਸਤਾਨ : ਅਮਰੀਕਾ

ਵਾਸ਼ਿੰਗਟਨ – ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਝੂਠੀ ਅਫਵਾਹ ਫੈਲਾ ਰਹੇ ਪਾਕਿਸਤਾਨ ਨੂੰ ਅਮਰੀਕਾ ਤੋਂ ਸਖਤ ਨਸੀਹਤ ਮਿਲੀ ਹੈ| ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਪਹਿਲਾਂ ਚੀਨ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਰਹਿ ਰਹੇ ਮੁਸਲਮਾਨਾਂ ਦੀ ਚਿੰਤਾ ਕਰੇ| ਅਮਰੀਕਾ ਦੇ ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੀ ਮੰਤਰੀ ਐਲਿਸ ਜੀ ਵੇਲਜ਼ ਨੇ ਕਿਹਾ ਕਿ ਚੀਨ ਵਿੱਚ ਮੁਸਲਿਮਾਂ ਦੇ ਹਾਲਾਤ ਕਾਫੀ ਖਰਾਬ ਹਨ| ਉਨ੍ਹਾਂ ਨੂੰ ਨਜ਼ਰਬੰਦੀ ਕੈਂਪਾਂ ਵਿੱਚ ਰੱਖਿਆ ਜਾ ਰਿਹਾ ਹੈ ਪਰ ਪਾਕਿਸਤਾਨ ਇਸ ਤੇ ਕੋਈ ਚਿੰਤਾ ਜ਼ਾਹਰ ਨਹੀਂ ਕਰਦਾ| ਵੇਲਜ਼ ਨੇ ਕਿਹਾ ਕਿ ਪਾਕਿਸਤਾਨ ਨੂੰ ਇਸ ਮਾਮਲੇ ਤੇ ਜ਼ਿਆਦਾ ਚਿੰਤਾ ਜ਼ਾਹਰ ਕਰਨੀ ਚਾਹੀਦੀ ਹੈ ਕਿਉਂਕਿ ਇੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜ਼ਿਆਦਾ ਹੈ| ਟਰੰਪ ਪ੍ਰਸ਼ਾਸਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਚੀਨ ਵੱਲੋਂ ਮੁਸਲਿਮਾਂ ਦੇ ਨਜ਼ਰਬੰਦੀ ਕੈਂਪਾਂ ਦੇ ਭਿਆਨਕ ਤਸੀਹੇ ਦੇਣ ਦਾ ਮਾਮਲਾ ਚੁੱਕਿਆ| ਉਨ੍ਹਾਂ ਕਿਹਾ ਕਿ ਪੂਰੇ ਚੀਨ ਵਿਚ ਮੁਸਲਿਮਾਂ ਦੇ ਹਾਲਾਤ ਬਦਤਰ ਹਨ| ਉਨ੍ਹਾਂ ਨੂੰ ਜ਼ਬਰੀ ਤਸ਼ੱਦਦ ਕੈਪਾਂ ਵਿਚ ਰੱਖਿਆ ਜਾ ਰਿਹਾ ਹੈ| ਉਨ੍ਹਾਂ ਨੂੰ ਧਾਰਮਿਕ ਆਜ਼ਾਦੀ ਨਹੀਂ ਦਿੱਤੀ ਜਾ ਰਹੀ ਹੈ| ਅਸੀਂ ਭਵਿੱਖ ਵਿਚ ਵੀ ਇਸ ਮੁੱਦੇ ਨੂੰ ਬਾਰ-ਬਾਰ ਚੁੱਕਦੇ ਰਹਾਂਗੇ| ਜਿਕਰਯੋਗ ਹੈ ਕਿ ਉਇਗਰ ਮੁਸਲਮਾਨਾਂ ਲਈ ਇਸਲਾਮਿਕ ਦੇਸ਼ ਇਸ ਲਈ ਚੁੱਪ ਹਨ ਕਿਉਂਕਿ ਉਹ ਚੀਨ ਦੀਆਂ ਨਜ਼ਰਾਂ ਵਿੱਚ ਬੁਰੇ ਨਹੀਂ ਬਣਨਾ ਚਾਹੁੰਦੇ| ਪਾਕਿਸਤਾਨ ਜਿਹੇ ਦੇਸ਼ ਦੀ ਅਰਥਵਿਵਸਥਾ ਤਾਂ ਚੀਨ ਦੇ ਸਹਾਰੇ ਹੀ ਚੱਲ ਰਹੀ ਹੈ| ਇਸ ਦੇ ਇਲਾਵਾ ਬਾਕੀ ਇਸਲਾਮਿਕ ਦੇਸ਼ਾਂ ਦੇ ਚੀਨ ਨਾਲ ਵਪਾਰਕ ਸੰਬੰਧ ਹਨ|