ਸਾਡਾ ਦੇਸ਼ ਇੱਕ ਗੁਲਦਸਤਾ ਜਿੱਥੇ ਹਰ ਧਰਮ ਦੇ ਲੋਕ ਰਹਿੰਦੇ ਨੇ : ਪਰਨੀਤ ਕੌਰ
ਪਟਿਆਲਾ – ਪੰਜਾਬੀ ਯੂਨੀਵਰਸਿਟੀ ‘ਚ ਅੱਜ ਮਹਾਰਾਜਾ ਅਗਰਸੈਨ ਦੇ 5143ਵੇਂ ਜਨਮ ਦਿਵਸ ਮੌਕੇ ਯੂਨੀਵਰਸਿਟੀ ਦੀ ਮਹਾਰਾਜਾ ਅਗਰਸੈਨ ਚੇਅਰ ਵੱਲੋਂ ਪ੍ਰੋਗਰਾਮ ਦੌਰਾਨ ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਸ੍ਰੀਮਤੀ ਪਰਨੀਤ ਕੌਰ ਨੇ ਅਗਰਸੈਨ ਸਮਾਜ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਡਾ ਦੇਸ਼ ਇੱਕ ਗੁਲਦਸਤਾ ਹੈ ਜਿੱਥੇ ਹਰ ਧਰਮ ਸਮਾਜ ਦੇ ਲੋਕ ਰਹਿੰਦੇ ਹਨ। ਉਹਨਾਂ ਨੇ ਮਹਾਰਾਜਾ ਅਗਰਸੈਨ ਦੇ ਸਮਾਜਵਾਦ ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਇੱਕ ਰੁਪਇਆ ਅਤੇ ਇੱਕ ਇੱਟ ਦਾ ਸਿਧਾਂਤ ਦਿੱਤਾ। ਇਹ ਕਾਰਨ ਹੈ ਕਿ ਉਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਵਿਸ਼ਵ ਵਿਆਪੀ ਸਮਾਜ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਸਮਾਜ ਵਿੱਚ ਸਿਰਫ਼ ਵਪਾਰੀ ਹੀ ਨਹੀਂ ਸਗੋਂ ਫੌਜ ਦੇ ਜਰਨੈਲ ਵੀ ਰਹੇ ਹਨ। ਉਹਨਾਂ ਕਿਹਾ ਕਿ ਇਸ ਸਮਾਜ ਵਿੱਚ ਹੀ ਪਟਿਆਲਾ ਦੇ ਨਾਨੂ ਮਲ ਜਰਨੈਲ ਹੋਏ ਅਤੇ ਅੱਜ ਵੀ ਇਹਨਾਂ ਦਾ ਛੱਤਾ ਮੌਜੂਦ ਹੈ।ਅਗਰਵਾਲ ਭਾਈਚਾਰੇ ਵਿੱਚ ਆਪਸੀ ਸਹਿਯੋਗ ਦੀ ਚਰਚਾ ਕਰਦੇ ਹੋਏ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨਾਲ ਵੱਡਾ ਪ੍ਰੋਗਰਾਮ ਰੱਖਿਆ ਜਾਵੇਗਾ।ਉਹਨਾਂ ਨੇ ਕਿਹਾ ਕਿ ਇਸ ਸਮਾਜ ਨੇ ਵੀ ਉਹਨਾਂ ਦੀ ਮੱਦਦ ਕੀਤੀ ਹੈ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ, ਇਸ ਲਈ ਹੀ ਇਹ ਸਮਾਜ ਹੁਣ ਇੱਕ ਪਰਿਵਾਰ ਦੀ ਤਰ੍ਹਾਂ ਹੀ ਹੈ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ.ਬੀ.ਐਸ.ਘੁੰਮਣ ਨੇ ਕਿਹਾ ਕਿ ਅਜਿਹੇ ਜਨਮ ਦਿਵਸ ਮੌਕੇ ਸਾਨੂੰ ਅਧਿਐਨ ਅਤੇ ਖੌਜ ਦਾ ਮੌਕਾ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਸਦੀਆਂ ਪਹਿਲਾਂ ਮਹਾਰਾਜਾ ਅਗਰੈਸਨ ਨੇ ਗੁੱਡ ਗਵਰਨੈਂਸ ਸੁਸਾਇਟੀ ਦਾ ਸਿਧਾਂਤ ਦਿੱਤਾ ਅੱਜ ਯੂ.ਐਨ.ਓ ‘ਚ ਇਸ ਬਾਰੇ ਗੱਲ ਹੁੰਦੀ ਹੈ।ਰਾਜ ਸੂਚਨਾ ਕਮਿਸ਼ਨ ਦੇ ਮੈਂਬਰ ਸ੍ਰੀ ਸੰਜੀਵ ਗਰਗ ਨੇ ਦੱਸਿਆ ਕਿ ਅੱਸੂ ਦੇ ਪਹਿਲੇ ਨਵਰਾਤਰੇ ਨੂੰ ਮਹਾਰਾਜਾ ਅਗਰਸੈਨ ਜਨਮ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ।ਪ੍ਰੋਗਰਾਮ ਦੀ ਸ਼ੁਰੂਆਤ ਮਹਾਰਾਜਾ ਅਗਰਸੈਨ ਦੀ ਆਰਤੀ ਨਾਲ ਹੋਈ। ਇਸ ਤੋਂ ਇਲਾਵਾ ਪ੍ਰੋਗਰਾਮ ਦੌਰਾਨ ਬੁਲਾਰਿਆਂ ਨੇ ਭਾਰਤੀ ਸਮਾਜ ਵਿੱਚ ਮਹਾਰਾਜਾ ਅਗਰਸੈਨ ਦੇ ਯੋਗਦਾਨ ਤੇ ਉਹਨਾਂ ਦੁਆਰਾ ਦੱਸੇ ਗਏ ਨੈਤਿਕ ਕਦਰਾਂ ਕੀਮਤਾਂ ‘ਤੇ ਵੀ ਵਿਚਾਰ ਕੀਤਾ। ਪ੍ਰੋਗਰਾਮ ਦੌਰਾਨ ਅਗਰਵਾਲ ਸਮਾਜ ਦੇ ਉਹਨਾਂ ਸਾਰਿਆਂ ਸਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਹਨਾਂ ਨੇ ਆਪਣੇ ਸਮਾਜ ‘ਚ ਵਧੀਆ ਪ੍ਰਾਪਤੀਆਂ ਕਰਕੇ ਸਮਾਜ ਨੂੰ ਰੌਸ਼ਨ ਕੀਤਾ ਹੈ।






