April 30, 2026
#ਦੇਸ਼ ਦੁਨੀਆਂ

ਭਾਰਤੀ ਮੂਲ ਦੇ ਸੰਸਦ ਮੈਂਬਰ ਦੇ ਪ੍ਰੋਗਰਾਮ ਚ ਵਿਰੋਧ ਪ੍ਰਦਰਸ਼ਨ

ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ਵਲੋਂ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਨ ਮਨਾਉਣ ਲਈ ਇਸ ਹਫਤੇ ਆਯੋਜਿਤ ਇਕ ਬੈਠਕ ‘ਚ ਹੋਏ ਵਿਰੋਧ ਪ੍ਰਦਰਸ਼ਨ ਦੇ ਪਿੱਛੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਹਿੰਦੂ ਸਵੈਸੇਵਕ ਸੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਕ ਪ੍ਰਬੰਧਕ ਨੇ ਦੱਸਿਆ ਕਿ ਪ੍ਰੋਗਰਾਮ ‘ਚ ਭਾਰਤੀ-ਅਮਰੀਕੀ ਭਾਈਚਾਰੇ ਦੇ 300 ਤੋਂ ਵਧੇਰੇ ਮੈਂਬਰ ਸ਼ਾਮਲ ਹੋਏ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਖੰਨਾ ਨੂੰ ਭਾਈਚਾਰੇ ਦਾ ਚੰਗਾ ਸਮਰਥਨ ਪ੍ਰਾਪਤ ਹੈ। ਦੱਸਿਆ ਗਿਆ ਕਿ ਇਕ ਛੋਟੇ ਸਮੂਹ ਨੇ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ‘ਤੇ ਯੂਕਰੇਨ ‘ਚ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਵਾਲੇ ਪਰਚੇ ਵੰਡੇ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਖੰਨਾ ਦੇ ਟਵੀਟ ਗਾਂਧੀ ਵਿਰੋਧੀ ਕਾਰਕੁੰਨਾਂ ਅਮਰ ਸ਼ੇਰਗਿੱਲ ਅਤੇ ਪੀਟਰ ਫ੍ਰੈਡਰਿਕ ਨੂੰ ਉਤਸ਼ਾਹਿਤ ਕਰਨ ਵਾਲੇ ਲੱਗਦੇ ਹਨ। ਬਿਡੇਨ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੇ ਦਾਅਵੇਦਾਰ ਹਨ। ਪ੍ਰਬੰਧਕਾਂ ਨੇ ਦੋਸ਼ ਲਗਾਇਆ ਕਿ ਕਈ ਪ੍ਰਦਰਸ਼ਨਕਾਰੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਸਨ।ਸਿਲੀਕਾਨ ਵੈਲੀ ਤੋਂ ਦੋ ਵਾਰ ਸੰਸਦ ਮੈਂਬਰ ਬਣੇ ਰੋਅ ਖੰਨਾ ਨੇ ਜਦ ਕਿਹਾ ਕਿ ਉਹ ਕਦੇ ਵੀ ਕੱਟੜਤਾ ਜਾਂ ਗੋਰੇ ਰਾਸ਼ਟਰਵਾਦ ਤੇ ਫਿਰਕਾਪ੍ਰਸਤੀ ਦੇ ਅੱਗੇ ਨਹੀਂ ਝੁਕਣਗੇ ਅਤੇ ਹਮੇਸ਼ਾ ਬਹੁਲਵਾਦ ਦੇ ਪੱਖ ‘ਚ ਰਹਿਣਗੇ ਤਾਂ ਬੈਠਕ ‘ਚ ਮੌਜੂਦ ਸਾਰੇ ਲੋਕਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਲਈ ਤਾੜੀਆਂ ਵਜਾਈਆਂ। ਖੰਨਾ ਦੇ ਦਾਦਾ ਗਾਂਧੀਵਾਦੀ ਸਨ। ਇਸ ਪ੍ਰੋਗਰਾਮ ‘ਚ ਸ਼ਾਮਲ ਹੋਏ ਆਈ. ਆਈ. ਟੀ. ਖੜਗਪੁਰ ਦੇ ਸਾਬਕਾ ਵਿਦਿਆਰਥੀ ਚਿੰਮਨਯ ਰਾਏ ਨੇ ਕਿਹਾ ਕਿ ਉਨ੍ਹਾਂ ਨੇ ਪ੍ਰੋਗਰਾਮ ‘ਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਸੀ।