April 30, 2026
#ਖੇਡਾਂ

ਰੋਹਿਤ ਨੇ ਸਰਵੋਤਮ ਦਰਜਾਬੰਦੀ ਹਾਸਲ ਕੀਤੀ

ਸਲਾਮੀ ਬੱਲੇਬਾਜ਼ ਵਜੋਂ ਆਪਣੇ ਪਹਿਲੇ ਟੈਸਟ ਦੀਆਂ ਦੋਵਾਂ ਪਾਰੀਆਂ ਵਿੱਚ ਸੈਂਕੜੇ ਜੜਨ ਵਾਲਾ ਪਹਿਲਾ ਕ੍ਰਿਕਟਰ ਬਣਿਆ ਭਾਰਤ ਦਾ ਰੋਹਿਤ ਸ਼ਰਮਾ ਅੱਜ ਆਈਸੀਸੀ ਟੈਸਟ ਖਿਡਾਰੀਆਂ ਦੀ ਜਾਰੀ ਕੀਤੀ ਤਾਜ਼ਾ ਦਰਜਾਬੰਦੀ ਵਿੱਚ ਕਰੀਅਰ ਦੇ ਸਰਵੋਤਮ 17ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਰੋਹਿਤ ਦੇ ਨਾਮ ਹੁਣ 28 ਟੈਸਟ ਵਿੱਚ ਪੰਜ ਸੈਂਕੜੇ ਹਨ। ਉਸ ਨੇ ਵਿਸ਼ਾਖਾਪਟਨਮ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੈਸਟ ਵਿੱਚ 176 ਅਤੇ 127 ਦੌੜਾਂ ਦੀਆਂ ਪਾਰੀਆਂ ਖੇਡੀਆਂ। ਇਸ ਲਈ ਉਸ ਨੂੰ 36 ਦਰਜਿਆਂ ਦਾ ਫ਼ਾਇਦਾ ਹੋਇਆ। ਇਸ ਮੈਚ ਵਿੱਚ ਭਾਰਤ ਨੇ 203 ਦੌੜਾਂ ਨਾਲ ਜਿੱਤ ਹਾਸਲ ਕਰਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ।ਦੂਜੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੂੰ ਪਹਿਲੀ ਪਾਰੀ ਵਿੱਚ ਦੂਹਰਾ ਸੈਂਕੜਾ ਮਾਰਨ ਮਗਰੋਂ 38 ਸਥਾਨਾਂ ਦਾ ਫ਼ਾਇਦਾ ਹੋਇਆ, ਜਿਸ ਨਾਲ ਉਹ ਕਰੀਅਰ ਦੀ ਸਰਵੋਤਮ 25ਵੀਂ ਦਰਜਾਬੰਦੀ ’ਤੇ ਪਹੁੰਚ ਗਿਆ। ਕਪਤਾਨ ਵਿਰਾਟ ਕੋਹਲੀ ਨੇ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ ਹੈ, ਹਾਲਾਂਕਿ ਉਹ ਜਨਵਰੀ 2018 ਮਗਰੋਂ ਪਹਿਲੀ ਵਾਰ 900 ਅੰਕਾਂ ਤੋਂ ਹੇਠਾਂ ਖਿਸਕ ਗਿਆ। ਉਸ ਦੇ ਹੁਣ 899 ਅੰਕ ਹਨ ਅਤੇ ਉਹ ਆਸਟਰੇਲੀਆ ਦੇ ਚੋਟੀ ’ਤੇ ਕਾਬਜ਼ ਸਟੀਵ ਸਮਿੱਥ ਤੋਂ 38 ਅੰਕ ਪਿੱਛੇ ਹੈ। ਗੇਂਦਬਾਜ਼ਾਂ ਵਿੱਚ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਮੈਚ ਦੌਰਾਨ ਅੱਠ ਵਿਕਟਾਂ ਲੈਣ ਮਗਰੋਂ ਚੋਟੀ ਦੇ ਦਸ ਵਿੱਚ ਵਾਪਸੀ ਕੀਤੀ ਹੈ। ਉਸ ਨੇ ਪਹਿਲੀ ਪਾਰੀ ਦੌਰਾਨ 145 ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ ਸਨ। ਸਾਬਕਾ ਅੱਵਲ ਨੰਬਰ ਗੇਂਦਬਾਜ਼ ਅਸ਼ਵਿਨ 14ਵੇਂ ਤੋਂ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ।