April 30, 2026

ਭਵਾਨੀਗੜ੍ਹ-ਪਟਿਆਲਾ ਸੜਕ ‘ਤੇ ਹੋਇਆ ਹਾਦਸਾ 5 ਜ਼ਖ਼ਮੀ- ਬੱਚੇ ਦੀ ਮੌਤ

ਭਵਾਨੀਗੜ੍ਹ – ਅੱਜ ਦੇਰ ਸ਼ਾਮ ਭਵਾਨੀਗੜ੍ਹ ਤੋਂ ਪਟਿਆਲਾ ਨੂੰ ਜਾਂਦੀ ਮੁੱਖ ਸੜਕ ਉੱਪਰ ਇੱਕ ਫਾਰਚੂਨਰ ਗੱਡੀ ਦਾ ਇੱਕ ਟਰੱਕ ਨਾਲ ਹਾਦਸਾ ਹੋ ਜਾਣ ਕਾਰਨ ਗੱਡੀ ਵਿੱਚ ਸਵਾਰ 5 ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਤੇ ਇੱਕ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰਮਜੀਤ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਨਿਊਜ਼ੀਲੈਂਡ ਜੋ ਕਿ ਪਿੰਡ ਘਣੀਵਾਲ ਦੇ ਰਹਿਣ ਵਾਲੇ ਸਨ ਅੱਜ ਜਦੋਂ ਆਪਣੇ ਪੇਕੇ ਧਨੌਲਾ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਪਣੇ ਇੱਕ ਰਿਸ਼ਤੇਦਾਰ ਦੀ ਫਾਰਚੂਨਰ ਗੱਡੀ ਰਾਹੀਂ ਵਾਪਸ ਆਪਣੇ ਪਿੰਡ ਘਣੀਆਲ ਨੂੰ ਪਰਤ ਰਹੇ ਸਨ ਤਾਂ ਭਵਾਨੀਗੜ੍ਹ ਵਿਖੇ ਬਿਆਸ ਸਤਿਸੰਗ ਘਰ ਦੇ ਕੋਲ ਮੁੱਖ ਸੜਕ ਉੱਪਰ ਅੱਗੇ ਜਾ ਰਹੇ ਇੱਕ ਟਰੱਕ ਨੂੰ ਪਾਸ ਕਰਨ ਸਮੇਂ ਟਰੱਕ ਚਾਲਕ ਵੱਲੋਂ ਟਰੱਕ ਦੀ ਸਾਈਡ ਗੱਡੀ ਵੱਲ ਦੱਬ ਦੇਣ ਕਾਰਨ ਫਾਰਚੂਨਰ ਗੱਡੀ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਸੜਕ ਦੀ ਦੂਸਰੀ ਸਾਈਡ ਜਾ ਖੜ੍ਹੀ ਹੋਈ ਤੇ ਗੱਡੀ ਬੁਰੀ ਤਰ੍ਹਾਂ ਭੰਨੀ ਗਈ। ਇਸ ਹਾਦਸੇ ਵਿੱਚ ਕਰਮਜੀਤ ਕੌਰ, ਰਮਨਦੀਪ ਕੌਰ, ਗੱਡੀ ਚਾਲਕ ਗਗਨਦੀਪ ਸਿੰਘ ਦੋ ਛੋਟੀਆਂ ਲੜਕੀਆਂ ਜਸਕੀਰਤ ਕੌਰ ਤੇ ਪੂਜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ ਜਦੋਂ ਕਿ ਇਸ ਹਾਦਸੇ ਵਿੱਚ ਕਰਮਜੀਤ ਕੌਰ ਦੇ ਢਾਈ ਸਾਲਾ ਬੱਚੇ ਵੀਰ ਬਚਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਉਘੇ ਕਬੱਡੀ ਖਿਡਾਰੀ ਕਾਕਾ ਘਣੀਆਲ ਦਾ ਭਤੀਜਾ ਸੀ ਅਤੇ ਨਿਊਜੀਲੈਂਡ ਵਿਚ ਪੀ ਆਰ ਸਨ। ਜਖਮੀਆਂ ਨੂੰ ਇਲਾਜ ਲਈ ਭਵਾਨੀਗੜ੍ਹ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।