April 30, 2026
#ਖੇਡਾਂ

ਕੋਹਲੀ ਨੇ ਜੜਿਆ ਦੂਹਰਾ ਸੈਂਕੜਾ; ਰਿਕਾਰਡਾਂ ਦੀ ਲਾਈ ਝੜੀ

ਕਪਤਾਨ ਵਿਰਾਟ ਕੋਹਲੀ ਦੇ ਰਿਕਾਰਡ ਸੱਤਵੇਂ ਦੂਹਰੇ ਸੈਂਕੜੇ ਦੀ ਬਦੌਲਤ ਭਾਰਤ ਨੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਪੰਜ ਵਿਕਟਾਂ ’ਤੇ 601 ਦੌੜਾਂ ਦੇ ਵੱਡੇ ਸਕੋਰ ’ਤੇ ਪਹਿਲੀ ਪਾਰੀ ਐਲਾਨੀ ਅਤੇ ਫਿਰ ਸਟੰਪ ਤੱਕ ਦੱਖਣੀ ਅਫਰੀਕਾ ਦੀਆਂ ਤਿੰਨ ਵਿਕਟਾਂ ਵੀ ਲਈਆਂ। ਕੋਹਲੀ ਨੇ ਆਪਣੇ ਕਰੀਅਰ ਦਾ ਸਰਵੋਤਮ ਨਾਬਾਦ 254 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਉਸ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅਤੇ ਵੀਰੇਂਦਰ ਸਹਿਵਾਗ ਨੂੰ ਪਛਾੜ ਦਿੱਤਾ, ਜਿਨ੍ਹਾਂ ਦੇ ਨਾਂਅ ਛੇ-ਛੇ ਦੂਹਰੇ ਸੈਂਕੜੇ ਹਨ। ਕੋਹਲੀ ਨੇ ਇਸ ਤਰ੍ਹਾਂ ਰਿੱਕੀ ਪੌਂਟਿੰਗ ਦੇ ਟੈਸਟ ਕਪਤਾਨ ਵਜੋਂ 19 ਸੈਂਕੜਿਆਂ ਦੇ ਰਿਕਾਰਡ ਦੀ ਵੀ ਬਰਾਬਰੀ ਕੀਤੀ। ਦੋਵੇਂ ਬੱਲੇਬਾਜ਼ ਦੱਖਣੀ ਅਫਰੀਕਾ ਦੇ ਗਰੈਮ ਸਮਿੱਥ (25 ਸੈਂਕੜੇ) ਮਗਰੋਂ ਦੂਜੇ ਸਥਾਨ ’ਤੇ ਹਨ। ਕੋਹਲੀ ਦਾ ਟੈਸਟ ਕ੍ਰਿਕਟ ਵਿੱਚ ਇਹ 26ਵਾਂ ਸੈਂਕੜਾ ਹੈ, ਜਦਕਿ ਇਸ ਸਾਲ ਵਿੱਚ ਇਹ ਪਹਿਲਾ ਟੈਸਟ ਸੈਂਕੜਾ ਹੈ। ਰਵਿੰਦਰ ਜਡੇਜਾ (91 ਦੌੜਾਂ) ਨੇ ਵੀ ਕੁੱਝ ਬਿਹਤਰੀਨ ਸ਼ਾਟ ਮਾਰ ਕੇ ਵੱਡੀ ਪਾਰੀ ਖੇਡੀ, ਪਰ ਉਹ ਦੂਜੇ ਟੈਸਟ ਸੈਂਕੜੇ ਤੋਂ ਖੁੰਝ ਗਿਆ ਅਤੇ ਕੋਹਲੀ ਨੇ ਉਸ ਦੇ ਆਊਟ ਹੋਣ ਦੇ ਤੁਰੰਤ ਮਗਰੋਂ ਪਾਰੀ ਐਲਾਨ ਦਿੱਤੀ। ਸਟੰਪ ਤੱਕ ਦੱਖਣੀ ਅਫਰੀਕਾ ਤਿੰਨ ਵਿਕਟਾਂ ’ਤੇ 36 ਦੌੜਾਂ ਬਣਾਈਆਂ ਸਨ, ਜਿਸ ਨਾਲ ਭਾਰਤੀ ਟੀਮ ਇਸ ਤਿੰਨ ਮੈਚਾਂ ਦੀ ਲੜੀ ਨੂੰ ਚਾਰ ਦਿਨ ਦੇ ਅੰਦਰ ਆਪਣੇ ਨਾਮ ਕਰਨਾ ਚਾਹੇਗੀ। ਉਮੇਸ਼ ਯਾਦਵ ਨੇ ਦੋਵਾਂ ਸਲਾਮੀ ਬੱਲੇਬਾਜ਼ਾਂ ਡੀਨ ਐਲਗਰ (ਛੇ ਦੌੜਾਂ) ਅਤੇ ਐਡਨ ਮਾਰਕ੍ਰਮ (ਸਿਫ਼ਰ) ਨੂੰ ਆਊਟ ਕੀਤਾ, ਜਦਕਿ ਮੁਹੰਮਦ ਸ਼ਮੀ ਨੇ ਤੇਂਬਾ ਬਾਵੁਮਾ (ਅੱਠ ਦੌੜਾਂ) ਦੀ ਵਿਕਟ ਲਈ।ਦੱਖਣੀ ਅਫਰੀਕੀ ਟੀਮ ਪਹਿਲੇ ਸੈਸ਼ਨ ਮਗਰੋਂ ਹੀ ਢਿੱਲ-ਮੁੱਲ ਜਿਹੀ ਜਾਪੀ। ਇਸੇ ਸੈਸ਼ਨ ਵਿੱਚ ਕੋਹਲੀ ਨੇ ਵਰਨੋਨ ਫਿਲੈਂਡਰ ਦੀ ਗੇਂਦ ’ਤੇ ਸ਼ਾਨਦਾਰ ਸ਼ਾਟ ਮਾਰ ਕੇ ਆਪਣਾ 69ਵਾਂ ਕੌਮਾਂਤਰੀ ਅਤੇ 26ਵਾਂ ਟੈਸਟ ਸੈਂਕੜਾ ਪੂਰਾ ਕੀਤਾ। ਭਾਰਤੀ ਕਪਤਾਨ ਨੇ ਬਹੁਤ ਹੀ ਧੀਰਜ ਵਾਲੀ ਪਾਰੀ ਖੇਡੀ। ਇਸ ਦੌਰਾਨ 336 ਗੇਂਦਾਂ ਵਿੱਚ 33 ਚੌਕੇ ਅਤੇ ਦੋ ਛੱਕੇ ਜੜੇ। ਇਹ ਮੈਰਾਥਨ ਪਾਰੀ ਰਹੀ, ਜਿਸ ਵਿੱਚ ਉਸ ਨੇ ਇਕੱਲੇ ਨੇ ਹੀ ਭਾਰਤ ਦੀ ਪਾਰੀ ਦੇ 156.3 ਓਵਰਾਂ ਵਿੱਚੋਂ 56 ਓਵਰਾਂ ਦਾ ਸਾਹਮਣਾ ਕੀਤਾ। ਕੋਹਲੀ ਨੇ ਉਪ ਕਪਤਾਨ ਅਜਿੰਕਿਆ ਰਹਾਣੇ (59 ਦੌੜਾਂ) ਨਾਲ ਮਿਲ ਕੇ ਚੌਥੀ ਵਿਕਟ ਲਈ 178 ਦੌੜਾਂ ਦੀ ਭਾਈਵਾਲੀ ਕੀਤੀ, ਜਿਸ ਨਾਲ ਦੱਖਣੀ ਅਫਰੀਕੀ ਗੇਂਦਬਾਜ਼ਾਂ ਦਾ ਹੌਸਲਾ ਹੀ ਢਹਿ ਗਿਆ।