April 30, 2026
#ਖੇਡਾਂ

ਨਵੇਂ ਖਿਡਾਰੀਆਂ ਨੂੰ ਸਾਡੇ ਤੋਂ ਬਿਹਤਰ ਖੇਡਣਾ ਹੋਵੇਗਾ: ਉਮੇਸ਼

ਪੁਣੇ – ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਦਾ ਮੰਨਣਾ ਹੈ ਕਿ ਭਾਰਤ ਵਿੱਚ ਹੁਨਰ ਦੀ ਘਾਟ ਨਹੀਂ ਹੈ, ਪਰ ਨਵੇਂ ਖਿਡਾਰੀਆਂ ਨੂੰ ਥਾਂ ਬਣਾਉਣ ਲਈ ਮੌਜੂਦਾ ਟੀਮ ਦੇ ਮੈਂਬਰਾਂ ਤੋਂ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਵਿਦਰਭ ਦੇ ਇਸ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਮੌਜੂਦਾ ਟੀਮ ਵਿੱਚ ਸ਼ਾਮਲ ਖਿਡਾਰੀਆਂ ਨੇ ਬੀਤੇ ਸਾਲਾਂ ਦੌਰਾਨ ਬਹੁਤ ਮੁਹਾਰਤਾ ਹਾਸਲ ਕੀਤੀ ਹੈ ਅਤੇ ਉਭਰਦੇ ਖਿਡਾਰੀਆਂ ਲਈ ਮਾਪਦੰਡ ਸਥਾਪਤ ਕੀਤੇ ਹਨ। ਉਮੇਸ਼ ਨੇ ਭਾਰਤੀ ਵਿਕਟਕੀਪਰ ਰਿਧੀਮਾਨ ਸਾਹਾ ਵੱਲੋਂ ਲਏ ਦੋ ਸ਼ਾਨਦਾਰ ਕੈਚ ਦੀ ਪ੍ਰਸ਼ੰਸਾ ਵੀ ਕੀਤੀ। ਯਾਦਵ ਨੇ ਕਿਹਾ ਕਿ ਉਸ ਵੱਲੋਂ ਸਾਹਾ ਲਈ ਪਾਰਟੀ ਬਣਦੀ ਹੈ ਕਿਉਂਕਿ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਟੈਸਟ ਮੈਚ ਦੌਰਾਨ ਇਸ ਵਿਕਟਕੀਪਰ ਨੇ ਲੈੱਗ ਸਾਈਡ ’ਤੇ ਦੋ ਸ਼ਾਨਦਾਰ ਕੈਚ ਲਏ, ਜਦਕਿ ਖੁੰਝਣ ’ਤੇ ਉਹ ਚੌਕੇ ਲਈ ਜਾ ਸਕਦੇ ਸਨ। ਉਮੇਸ਼ ਨੇ ਦੱਖਣੀ ਅਫਰੀਕਾ ਦੀ ਦੂਜੀ ਪਾਰੀ ਦੌਰਾਨ 22 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਭਾਰਤ ਨੂੰ ਪਾਰੀ ਅਤੇ 137 ਦੌੜਾਂ ਦੀ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਉਸ ਦੀਆਂ ਪਹਿਲੀਆਂ ਦੋ ਵਿਕਟਾਂ ਦਾ ਪੂਰਾ ਸਿਹਰਾ ਸਾਹਾ ਨੂੰ ਜਾਂਦਾ ਹੈ।