April 29, 2026
#ਪੰਜਾਬ

ਕਰਤਾਰਪੁਰ ਲਾਂਘੇ ਦੇ ਨਿਰਮਾਣ ਕੰਮ ਹਰ ਹੀਲੇ 31 ਅਕਤੂਬਰ ਤੱਕ ਹੋਵੇਗਾ ਮੁਕੰਮਲ: ਵਿਜੇ ਇੰਦਰ ਸਿੰਗਲਾ

ਲੋਕ ਨਿਰਮਾਣ ਮੰਤਰੀ ਨੇ ਡੇਰਾ ਬਾਬਾ ਨਾਨਕ ਵਿਖੇ ਲਾਂਘੇ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ
ਚੰਡੀਗੜ – ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲ ਰਹੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕੰਮ ਦਾ ਜਾਇਜ਼ਾ ਲੈਣ ਮੰਗਲਵਾਰ ਨੂੰ ਡੇਰਾ ਬਾਬਾ ਨਾਨਕ ਪੁੱਜੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਭਾਰਤ ਵਾਲੇ ਨਿਰਮਾਣ ਕੰਮ ਹਰ ਹੀਲੇ 31 ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ।ਸ੍ਰੀ ਸਿੰਗਲਾ ਨੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਜ਼ੀਰੋ ਲਾਈਨ ਉਪਰ ਚੱਲ ਰਹੇ ਕੰਮ ਸਮੇਤ ਸੜਕਾਂ, ਪੁੱਲਾਂ, ਇੰਟਗਰੇਟਿਡ ਚੈਕ ਪੋਸਟ (ਆਈ.ਸੀ.ਪੀ.) ਆਦਿ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਸੰਤੁਸ਼ਟੀ ਜ਼ਾਹਰ ਕੀਤੀ। ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 15 ਤੋਂ 31 ਅਕਤੂਬਰ ਵਿਚਾਲੇ ਸਾਰੇ ਕੰਮ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਅਤੇ ਅੱਜ ਦੀ ਜ਼ਮੀਨੀ ਪੱਧਰ ‘ਤੇ ਦੇਖਣ ਉਪਰੰਤ ਤਸੱਲੀ ਹਾਸਲ ਹੋਈ। ਸ੍ਰੀ ਸਿੰਗਲਾ ਨੇ ਦੱਸਿਆ ਕਿ ਕੌਮਾਂਤਰੀ ਸਰਹੱਦ ਉਤੇ ਪਾਕਿਸਤਾਨ ਨਾਲ ਭਾਰਤ ਨੂੰ ਜੋੜਦਾ ਪੁੱਲ ਭਾਰਤ ਵਾਲੇ ਪਾਸੇ ਉਤੇ ਤਾਂ ਬਣ ਗਿਆ ਹੈ ਪਰ ਹਾਲੇ ਪਾਕਿਸਤਾਨ ਵਾਲਾ ਪੁੱਲ ਨਹੀਂ ਬਣਿਆ। ਉਨਾਂ ਕਿਹਾ ਕਿ ਜਦੋਂ ਤੱਕ ਦੋਵੇਂ ਪੁੱਲ ਆਪਸ ਵਿੱਚ ਨਹੀਂ ਜੋੜਦੇ ਉਦੋਂ ਤੱਕ ਭਾਰਤ ਵਾਲਾ ਪੁੱਲ ਬੰਦ ਰਹੇਗਾ ਅਤੇ ਬਦਲਵੇਂ ਪ੍ਰਬੰਧ ਵਜੋਂ ਰਾਸਤਾ ਰੱਖਿਆ ਗਿਆ ਹੈ ਜਿਸ ਰਾਹੀਂ ਸ਼ਰਧਾਲੂ ਨੂੰ ਕੌਮਾਂਤਰੀ ਸਰਹੱਦ ਪਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ। ਉਨਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਡੇਰਾ ਬਾਬਾ ਨਾਨਕ ਵਿਖੇ ਸ਼ਰਧਾਲੂਆਂ ਦੀ ਵੱਡੀ ਆਮਦ ਨੂੰ ਵੇਖਦਿਆਂ ਇਸ ਇਤਿਹਾਸਕ ਕਸਬੇ ਨੂੰ ਜੋੜਦੀਆਂ ਸੜਕਾਂ ਦੀ ਅੱਪਗ੍ਰਡੇਸ਼ਨ ਦਾ ਕੰਮ ਵੀ ਤੈਅ ਸਮੇਂ ਅੰਦਰ ਮੁਕੰਮਲ ਕਰ ਲਿਆ ਜਾਵੇ। ਉਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਟਾਲਾ-ਡੇਰਾ ਬਾਬਾ ਨਾਨਕ ਰੋਡ 3.05 ਕਰੋੜ ਰੁਪਏ ਦੀ ਲਾਗਤ ਨਾਲ 7 ਤੋਂ 10 ਮੀਟਰ ਤੱਕ 2.10 ਕਿਲੋਮੀਟਰ, ਰਮਦਾਸ-ਡੇਰਾ ਬਾਬਾ ਨਾਨਕ ਰੋਡ 3.60 ਕਰੋੜ ਰੁਪਏ ਦੀ ਲਾਗਤ ਨਾਲ 5.5/7 ਤੋਂ 10 ਮੀਟਰ ਤੱਕ 3.10 ਕਿਲੋ ਮੀਟਰ, ਫਤਿਹਗੜ ਚੂੜੀਆ-ਡੇਰਾ ਬਾਬਾ ਨਾਨਕ ਰੋਡ 1.49 ਕਰੋੜ ਰੁਪਏ ਦੀ ਲਾਗਤ ਨਾਲ 900 ਮੀਟਰ ਚੌੜੀ ਹੋ ਰਹੀ ਹੈ। ਸ੍ਰੀ ਸਿੰਗਲਾ ਨੇ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 13 ਕਰੋੜ ਨਾਨਕ ਨਾਮ ਲੇਵਾ ਸੰਗਤ ਵਰਿਆਂ ਤੋਂ ਅਰਦਾਸ ਕਰ ਰਹੀ ਸੀ ਜਿਸ ਨੂੰ ਹੁਣ ਉਹ ਪੂਰਿਆ ਹੁੰਦਿਆ ਦੇਖ ਰਹੇ ਹਨ। ਉਨਾਂ ਕਿਹਾ ਕਿ ਇਹ ਸੰਗਤ ਦੀ ਅਰਦਾਸ ਦਾ ਹੀ ਸਿੱਟਾ ਹੈ ਕਿ ਥੋੜੇਂ ਸਮੇਂ ਅੰਦਰ ਨਿਰਮਾਣ ਕੰਮ ਨੇਪਰੇ ਚੜ ਰਹੇ ਹਨ। ਉਨਾਂ ਕਿਹਾ ਇਸ ਕੰਮ ਨਾਲ ਸੰਗਤ ਦੀ ਭਾਵਨਾ ਵੀ ਜੁੜੀ ਹੋਈ ਸੀ ਜਿਸ ਕਾਰਨ ਵਿਭਾਗ ਦੇ ਹਰ ਕਮਰਚਾਰੀ ਤੇ ਅਧਿਕਾਰੀ ਨੇ ਤਨਦੇਹੀ ਨਾਲ ਇਸ ਕੰਮ ਨੂੰ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਨੇਪਰੇ ਚਾੜਨ ਲਈ ਕੰਮ ਕੀਤਾ। ਉਨਾਂ ਇਹ ਵੀ ਐਲਾਨ ਕੀਤਾ ਕਿ ਵਿਭਾਗ ਦੇ ਹਰ ਕਰਮਚਾਰੀ ਤੇ ਅਧਿਕਾਰੀ ਨੂੰ ਪ੍ਰਸੰਸਾ ਪੱਤਰ ਦੇ ਕੇ ਉਨਾਂ ਦੀਆਂ ਸੇਵਾਵਾਂ ਦਾ ਸਨਮਾਨ ਕੀਤਾ ਜਾਵੇਗਾ। ਉਨਾਂ ਇਥੇ ਕੰਮ ਕਰ ਰਹੇ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ।ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜਨੀਅਰ ਅਰੁਣ ਕੁਮਾਰ ਤੇ ਜੇ.ਐਸ. ਮਾਨ, ਸੁਪਰਡੈਂਟ ਇੰਜਨੀਅਰ ਸੁਖਦੇਵ ਸਿੰਘ ਤੇ ਐਕਸੀਅਨ ਹਰਜੋਤ ਸਿੰਘ ਵੀ ਹਾਜ਼ਰ ਸਨ।