April 29, 2026
#ਪ੍ਰਮੁੱਖ ਖ਼ਬਰਾਂ #ਭਾਰਤ

ਅਯੁੱਧਿਆ ਮਾਮਲੇ ‘ਤੇ ਅੰਤਿਮ ਸੁਣਵਾਈ ਅੱਜ

ਹਰ ਹਾਲ ਬਹਿਸ ਹੋਵੇ ਪੂਰੀ : ਚੀਫ਼ ਜਸਟਿਸ

ਨਵੀਂ ਦਿੱਲੀ – ਅਯੁੱਧਿਆ ਜ਼ਮੀਨ ਵਿਵਾਦ ਮਾਮਲੇ ‘ਚ ਅੱਜ ਮੰਗਲਵਾਰ ਨੂੰ 39ਵੇਂ ਦਿਨ ਦੀ ਸੁਣਵਾਈ ਹੋ ਗਈ ਹੈ। ਬੀਤੇ ਕੱਲ੍ਹ ਸੁੰਨੀ ਵਫ਼ਦ ਬੋਰਡ ਨੇ ਅਪੀਲ ‘ਤੇ ਬਹਿਸ ਪੂਰੀ ਕਰ ਲਈ ਸੀ ਤੇ ਅੱਜ ਹਿੰਦੂ ਧਿਰ ਨੇ ਉਸ ਦੀਆਂ ਦਲੀਲਾਂ ਦਾ ਜਵਾਬ ਦਿੱਤਾ। ਇਸ ਦੌਰਾਨ ਚੀਫ਼ ਜਸਟਿਸ ਰੰਜਨ ਗੋਗੋਈ ਨੇ ਸਾਫ਼ ਕਰ ਦਿੱਤਾ ਹੈ ਕਿ ਭਲਕੇ ਭਾਵ ਬੁੱਧਵਾਰ ਨੂੰ 40ਵੇਂ ਦਿਨ ਇਸ ਮਾਮਲੇ ‘ਚ ਆਖ਼ਰੀ ਸੁਣਵਾਈ ਹੋਵੇਗੀ। ਅਜਿਹੇ ਵਿੱਚ ਭਲਕੇ ਹਰ ਹਾਲ ‘ਚ ਬਹਿਸ ਪੂਰੀ ਕਰ ਲਈ ਜਾਵੇ। ਜ਼ਿਕਰਯੋਗ ਹੈ ਕਿ ਬੀਚੇ ਕੱਲ੍ਹ ਵਿਵਾਦਤ ਜ਼ਮੀਨ ‘ਤੇ ਮਸਜਿਦ ਹੋਣ ਦਾ ਦਾਅਵਾ ਕਰਦੇ ਹੋਏ ਮੁਸਲਿਮ ਧਿਰ ਤੋਂ ਸੁਪਰੀਮ ਕੋਰਟ ਨੇ ਤਲਖ਼ ਸਵਾਲ ਪੁੱਛੇ ਸਨ। ਸਿਖਰਲੀ ਅਦਾਲਤ ਨੇ ਪੁੱਛਿਆ ਸੀ ਕਿ ਜੇਕਰ ਉੱਥੇ ਹਿੰਦੂਆਂ ਨੂੰ ਪੂਜਾ ਕਰਨ ਦਾ ਅਧਿਕਾਰ ਸੀ ਤਾਂ ਕਿਉਂ ਇਸ ਨਾਲ ਮੁਸਲਮਾਨਾਂ ਦੇ ਏਕਾਧਿਕਾਰ ਦਾ ਦਾਅਵਾ ਕਮਜ਼ੋਰ ਨਹੀਂ ਹੋ ਜਾਂਦਾ? ਇਸ ‘ਤੇ ਮੁਸਲਿਮ ਧਿਰ ਦੇ ਵਕੀਲ ਰਾਜੀਵ ਧਵਨ ਨੇ ਇਤਰਾਜ਼ ਜਤਾਇਆ ਕਿ ਅਦਾਲਤ ਸਿਰਫ਼ ਉਸ ਤੋਂ ਕਿਉਂ ਸਵਾਲ ਕਰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਅਯੁੱਧਿਆ ਭੂਮੀ ਵਿਵਾਦ ‘ਤੇ 4 ਤੋਂ 15 ਨਵੰਬਰ ਵਿਚਾਲੇ ਸੁਪਰੀਮ ਕੋਰਟ ਦਾ ਫ਼ੈਸਲਾ ਆ ਜਾਵੇਗਾ। ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਦੇ ਮੁੱਖ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ 5 ਮੈਂਬਰੀ ਸੰਵਿਧਾਨਕ ਬੈਂਚ ਰੋਜ਼ਾਨਾ ਕਰ ਰਹੀ ਹੈ। ਕਿਉਂਕਿ ਜਸਟਿਸ ਗੋਗੋਈ 17 ਨਵੰਬਰ 2019 ਨੂੰ ਰਿਟਾਇਰ ਹੋ ਰਹੇ ਹਨ। ਜੇਕਰ ਉਦੋਂ ਤੱਕ ਉਹ ਅਯੁੱਧਿਆ ਮਾਮਲੇ ਵਿੱਚ ਫ਼ੈਸਲਾ ਨਹੀਂ ਦਿੰਦੇ ਹਨ ਤਾਂ ਫਿਰ ਇਸ ਮਾਮਲੇ ਦੀ ਸੁਣਵਾਈ ਨਵੇਂ ਸਿਰੇ ਤੋਂ ਇੱਕ ਨਵੀਂ ਬੈਂਚ ਦੇ ਸਾਹਮਣੇ ਹੋਵੇਗੀ। ਹਾਲਾਂਕਿ ਇਸ ਦੀ ਸੰਭਾਵਨਾ ਘੱਟ ਹੀ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਕੱਲ੍ਹ ਯੂ.ਪੀ. ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਉਹ ਸੁੰਨੀ ਵਫ਼ਦ ਬੋਰਡ ਦੇ ਪ੍ਰਧਾਨ ਜਫ਼ਰ ਅਹਿਮਦ ਫ਼ਾਰੂਕੀ ਨੂੰ ਸੁਰੱਖਿਆ ਮੁਹੱਇਆ ਕਰਵਾਏ ਕਿਉਂਕਿ ਉਨ੍ਹਾਂ ਆਪਣੀ ਹੱਤਿਆ ਦਾ ਖ਼ਦਸ਼ਾ ਜਤਾਇਆ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਪੰਜ ਮੈਂਬਰੀ ਬੈਂਚ ਨੇ ਵਿਚੋਲਗੀ ਕਮੇਟੀ ਦੇ ਪੱਤਰ ‘ਤੇ ਨੋਟਿਸ ਲਿਆ ਸੀ। ਕਮੇਟੀ ਦੇ ਮੈਂਬਰ ਤੇ ਸੀਨੀਅਰ ਵਕੀਲ ਸ਼੍ਰੀਰਾਮ ਪਾਂਜੂ ਨੇ ਸੁਪਰੀਮ ਕੋਰਟ ਨੂੰ ਸੰਬੋਧਨ ਪੱਤਰ ‘ਚ ਕਿਹਾ ਹੈ ਕਿ ਫ਼ਾਰੂਕੀ ਨੇ ਆਪਣੀ ਜਾਨ ਦਾ ਖ਼ਤਰਾ ਦੱਸਿਆ ਹੈ।