April 29, 2026
#ਦੇਸ਼ ਦੁਨੀਆਂ

ਮਨਮੋਹਨ-ਰਾਜਨ ਕਾਰਜਕਾਲ ਦੌਰਾਨ ਬੈਂਕ ‘ਬੁਰੇ ਦੌਰ’ ’ਚੋਂ ਗੁਜ਼ਰੇ ਸੀਤਾਰਾਮਨ

ਨਿਊਯਾਰਕ – ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦੇ ਕਾਰਜਕਾਲ ਦੌਰਾਨ ਭਾਰਤ ਦੀਆਂ ਸਰਕਾਰੀ ਬੈਂਕਾਂ ‘ਬਹੁਤ ਬੁਰੇ ਦੌਰ ਵਿਚੋਂ ਗੁਜ਼ਰੀਆਂ ਹਨ।’ ਸੀਤਾਰਾਮਨ ਨੇ ਕਿਹਾ ਕਿ ਇਨ੍ਹਾਂ ਵਿਚ ਦੁਬਾਰਾ ‘ਸਾਹ ਫੂਕਣਾ’ ਹੁਣ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਬੈਂਕਾਂ ਡੁੱਬੇ ਕਰਜ਼ਿਆਂ ਨਾਲ ਜੂਝ ਰਹੀਆਂ ਹਨ ਤੇ ਸਰਕਾਰ ਇਸ ਸਬੰਧੀ ਕਦਮ ਚੁੱਕ ਰਹੀ ਹੈ।ਵਿੱਤ ਮੰਤਰੀ ਨੇ ਕਿਹਾ ਕਿ ਬੇਸ਼ੱਕ ਆਰਥਿਕ ਮਾਹਿਰ ਵਰਤਮਾਨ ਜਾਂ ਕੁਝ ਸਾਲ ਪਹਿਲਾਂ ਤੱਕ ਦੀ ਸਥਿਤੀ ਬਾਰੇ ਆਪਣਾ ਨਜ਼ਰੀਆ ਰੱਖ ਸਕਦੇ ਹਨ ਪਰ ਰਾਜਨ ਦੇ ਕਾਰਜਕਾਲ ਦੌਰਾਨ ਬੈਂਕਾਂ ਦੀ ਸਥਿਤੀ ਬਾਰੇ ਵੀ ਉਹ ਜਵਾਬ ਚਾਹੁੰਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਰਾਜਨ ਦੀ ਕਾਬਲੀਅਤ ਦੀ ਕਦਰ ਕਰਦੇ ਹਨ। ਦੱਸਣਯੋਗ ਹੈ ਕਿ ਰਾਜਨ ਨੇ ਇਕ ਭਾਸ਼ਨ ਦੌਰਾਨ ਮੋਦੀ ਸਰਕਾਰ ਦੀ ਆਰਥਿਕ ਮਾਮਲਿਆਂ ਬਾਰੇ ਪਹੁੰਚ ’ਤੇ ਸਵਾਲ ਚੁੱਕੇ ਸਨ। ਸੀਤਾਰਾਮਨ ਨੇ ਕਿਹਾ ਕਿ ਵਿੱਤੀ ਵਰ੍ਹੇ ਦੀ ਸਮਾਪਤੀ ਤੋਂ ਪਹਿਲਾਂ ਹੋਰ ਸੁਧਾਰਾਂ ਦਾ ਐਲਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਰਤ ਨੂੰ 2024-25 ਤੱਕ 5,000 ਅਰਬ ਡਾਲਰ (ਪੰਜ ਖ਼ਰਬ ਡਾਲਰ) ਦੀ ਅਰਥਵਿਵਸਥਾ ਤੇ ਆਰਥਿਕ ਮਹਾਸ਼ਕਤੀ ਬਣਾਉਣ ਦਾ ਮਕਸਦ ‘ਚੁਣੌਤੀਪੂਰਨ’ ਜ਼ਰੂਰ ਹੈ ਪਰ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ। ਕੋਲੰਬੀਆ ਯੂਨੀਵਰਸਿਟੀ ਦੇ ‘ਸਕੂਲ ਆਫ਼ ਇੰਟਰਨੈਸ਼ਨਲ ਐਂਡ ਪਬਲਿਕ ਅਫ਼ੇਅਰਜ਼’ ਵਿਚ ‘ਭਾਰਤੀ ਅਰਥਵਿਵਸਥਾ: ਚੁਣੌਤੀਆਂ ਤੇ ਸੰਭਾਵਨਾਵਾਂ’ ਵਿਸ਼ੇ ’ਤੇ ਭਾਸ਼ਨ ਦਿੰਦਿਆਂ ਸੀਤਾਰਾਮਨ ਨੇ ਮੰਗਲਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਦੇ 2014 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਭਾਰਤੀ ਅਰਥਵਿਵਸਥਾ ਵਿਕਾਸ ਦੇ ਰਾਹ ’ਤੇ ਹੈ। ਉਨ੍ਹਾਂ ਅੰਕੜੇ ਦਿੰਦਿਆਂ ਕਿਹਾ ਕਿ ਸਾਲ 2014 ਵਿਚ ਐੱਨਡੀਏ ਸਰਕਾਰ ਸੱਤਾ ਵਿਚ ਆਈ ਸੀ ਤਾਂ ਦੇਸ਼ ਦੀ ਅਰਥਵਿਵਸਥਾ 1,700 ਅਰਬ ਡਾਲਰ ਸੀ। ਸਾਲ 2019 ਵਿਚ ਇਹ 2,700 ਡਾਲਰ ਹੋ ਗਈ। ਪਿਛਲੇ ਪੰਜ ਸਾਲਾਂ ਵਿਚ ਸਰਕਾਰ ਨੇ 1,000 ਅਰਬ ਡਾਲਰ ਜੋੜਿਆ। ਉਨ੍ਹਾਂ ਕਿਹਾ ਕਿ ਮੰਤਵ 2024-25 ਤੱਕ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦਾ ਹੈ।