ਬਾਦਲ ਦਲ ਨੂੰ ਝਟਕਾ- ਸ਼੍ਰੋਮਣੀ ਕਮੇਟੀ ਮੈਂਬਰ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਕਾਂਗਰਸ ‘ਚ ਸ਼ਾਮਿਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ‘ਚ ਕਰਵਾਇਆ ਸ਼ਾਮਿਲ
ਜਲੰਧਰ – ਜਲੰਧਰ ਛਾਉਣੀ ਅਤੇ ਫ਼ਗਵਾੜਾ ਵਿਧਾਨ ਸਭਾ ਹਲਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਨੇਤਾ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਨਗਰ ਸੁਧਾਰ ਟਰੱਸਟ ਜਲੰਧਰ ਦੇ ਸਾਬਕਾ ਚੇਅਰਮੈਨ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਸ਼ੁੱਕਰਵਾਰ ਨੂੰ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੀ ਹੋਰ ਸੀਨੀਅਰ ਲੀਡਰਸ਼ਿਪ ਨੇ ਉਨ੍ਹਾਂ ਦਾ ਕਾਂਗਰਸ ਵਿੱਚ ਆਉਣ ‘ਤੇ ਨਿੱਘਾ ਸਵਾਗਤ ਕੀਤਾ। ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਕੌਂਸਲਰ ਦਵਿੰਦਰ ਕੁਮਾਰ ਸਪਰਾ, ਉਨ੍ਹਾਂ ਦੀ ਪਤਨੀ ਰੂਪਾਲੀ ਸਪਰਾ, ਹਨੀ ਬੱਤਰਾ, ਜੋਗਿੰਦਰ ਸਿੰਘ ਸੈਣੀ, ਜਥੇਦਾਰ ਅਮਰੀਕ ਸਿੰਘ ਜੋਗਿੰਦਰ ਨਗਰ ਫਗਵਾੜਾ ਆਦਿ ਮੁੱਖ ਤੌਰ ‘ਤੇ ਸ਼ਾਮਿਲ ਸਨ। ਜਥੇਦਾਰ ਰਾਏਪੁਰ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਵਧੀਕੀਆਂ ਤੋਂ ਤੰਗ ਆ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਜਲੰਧਰ ਛਾਉਣੀ ਹਲਕੇ ਤੋਂ ਸਾਲ 1997 ਅਤੇ 2002 ਵਿੱਚ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਜਥੇਦਾਰ ਰਾਏਪੁਰ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਲਈ ਹਮੇਸ਼ਾ ਵਫਾਦਾਰੀ ਨਾਲ ਕੰਮ ਕੀਤਾ ਸੀ, ਜਿਸ ਦੇ ਬਦਲੇ ਵਿੱਚ ਉਨ੍ਹਾਂ ਨੂੰ ਸਿਰਫ਼ ਧੋਖਾ ਹੀ ਮਿਲਿਆ। ਕੈਂਟ ਤੋਂ 2 ਵਾਰ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ ਅਤੇ ਬਾਹਰੀ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ। ਸਾਲ 2017 ਵਿੱਚ ਉਹ ਬਾਹਰੀ ਵਿਅਕਤੀ ਨੂੰ ਟਿਕਟ ਦੇ ਦਿੱਤੀ, ਜਿਸ ਨੇ ਉਨ੍ਹਾਂ ਦੇ ਪਲਾਟ ‘ਤੇ ਕਬਜ਼ਾ ਕੀਤਾ ਹੋਇਆ ਸੀ। ਉਨ੍ਹਾਂ ਨੂੰ ਚੋਣਾਂ ਸਮੇਂ ਭਰੋਸੇ ਵਿੱਚ ਲਿਆ ਗਿਆ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਪਲਾਟ ਉਨ੍ਹਾਂ ਨੂੰ ਦੇ ਦਿੱਤਾ ਜਾਵੇਗਾ ਪਰ ਕਰੀਬ 3 ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਪਲਾਟ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਕੱਲ੍ਹ ਹੀ ਇੰਗਲੈਂਡ ਤੋਂ ਪਰਤੇ ਹਨ। ਉਥੇ ਕਰੀਬ 2 ਮਹੀਨੇ ਰਹਿ ਕੇ ਲੋਕਾਂ ਦਾ ਅਕਾਲੀ ਦਲ ਪ੍ਰਤੀ ਭਾਰੀ ਰੋਸ ਦੇਖਿਆ ਗਿਆ, ਜਿਸ ਦਾ ਕਾਰਨ ਵੱਡੀਆਂ ਧਾਰਮਿਕ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਕੰਮਾਂ ਵਿੱਚ ਵੀ ਅਕਾਲੀ ਦਲ ਨੇ ਸਿਆਸੀ ਦਖ਼ਲ ਅੰਦਾਜੀ ਕਰਦੇ ਹੋਏ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਉਣਾ ਅਤੇ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਵਾਉਣਾ ਆਦਿ ਸ਼ਾਮਿਲ ਸੀ। ਉਨ੍ਹਾਂ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ ਦੀ ਕਦਰ ਨਾ ਕਰਨ ਕਰਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਅਕਾਲੀ ਦਲ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਅਕਾਲੀ ਦਲ ਵਿੱਚ ਰਹਿੰਦਿਆਂ ਵੀ ਇਕੱਲੇ ਪੈ ਗਏ ਸਨ, ਜਿਸ ਕਾਰਨ ਉਨ੍ਹਾਂ ਨੇ ਕਾਂਗਰਸ ਵਿੱਚ ਜਾਣ ਦਾ ਆਪਣਾ ਪੱਕਾ ਇਰਾਦਾ ਬਣਾ ਲਿਆ ਸੀ। ਉਨ੍ਹਾਂ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਨੂੰ ਜਿੱਥੇ ਤੱਕ ਉਨ੍ਹਾਂ ਨੇ ਦੇਖਿਆ ਅਤੇ ਸੁਣਿਆ ਹੈ ਤਾਂ ਉਹ ਸਮਝਦੇ ਹਨ ਕਿ ਉਹ ਆਪਣੀ ਕਹਿਣੀ ਤੇ ਕਰਨੀ ਦੇ ਪੱਕੇ ਹਨ। ਉਹ ਸੂਬੇ ਦੀ ਤਰੱਕੀ ਲਈ ਜੀਅ-ਜਾਨ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਾਨਾਸ਼ਾਹੀ ਨਾਲ ਪਾਰਟੀ ਚਲਾ ਰਹੇ ਹਨ ਤੇ ਹੇਠਲੇ ਵਰਕਰਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਰਾਏਪੁਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਕਾਂਗਰਸ ਵਿੱਚ ਆਉਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਇਸਦਾ ਸਿੱਧਾ ਅਸਰ ਫਗਵਾੜਾ ਅਤੇ ਕੈਂਟ ਹਲਕਿਆਂ ਵਿੱਚ ਦੇਖਣ ਨੂੰ ਮਿਲੇਗਾ। ਉਨ੍ਹਾਂ ਨੇ ਰਾਏਪੁਰ ਅਤੇ ਢੇਸੀ ਪਰਿਵਾਰ ਵੱਲੋਂ ਸਿਆਸੀ ਖੇਤਰ ਵਿੱਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਿੱਚ ਜਥੇਦਾਰ ਰਾਏਪੁਰ ਨੂੰ ਉਨ੍ਹਾਂ ਦੇ ਕੱਦ ਮੁਤਾਬਕ ਬਣਦਾ ਮਾਣ-ਸਨਮਾਨ ਜ਼ਰੂਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜਥੇਦਾਰ ਰਾਏਪੁਰ ਦੇ ਭਤੀਜੇ ਸ. ਤਨਮਨਜੀਤ ਸਿੰਘ ਢੇਸੀ ਇੰਗਲੈਂਡ ਦੇ ਸਲੋਹ ਹਲਕੇ ਤੋਂ ਪਹਿਲੇ ਦਸਤਾਰਧਾਰੀ ਨੌਜਵਾਨ ਐਮ.ਪੀ. ਹਨ। ਉਹ ਵੀ ਜਦੋਂ ਭਾਰਤ ਦੌਰੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਸਨ ਤਾਂ ਮੁੱਖ ਮੰਤਰੀ ਨੇ ਉਨ੍ਹਾਂ ਦੀ ਖ਼ੂਬ ਸਿਫ਼ਤ ਕੀਤੀ ਸੀ।






