April 29, 2026
#ਭਾਰਤ

ਰੰਜਨ ਗੋਗੋਈ ਵਲੋਂ ਐਸ. ਏ ਬੋਬੜੇ ਨੂੰ ਅਗਲਾ ਚੀਫ ਜਸਟਿਸ ਬਣਾਉਣ ਦੀ ਸਿਫਾਰਿਸ਼

ਨਵੀਂ ਦਿੱਲੀ – ਚੀਫ ਜਸਟਿਸ ਰੰਜਨ ਗੋਗੋਈ ਨੇ ਸ਼ੁੱਕਰਵਾਰ ਨੂੰ ਕੇਂਦਰ ਨੂੰ ਇਕ ਪੱਤਰ ਭੇਜ ਕੇ ਸੁਪਰੀਮ ਕੋਰਟ ਵਿੱਚ ਆਪਣੇ ਬਾਅਦ ਸੀਨੀਅਰ ਜੱਜ ਐਸ.ਏ. (ਸ਼ਰਦ ਅਰਵਿੰਦ) ਬੋਬੜੇ ਨੂੰ ਸੀ.ਜੀ.ਆਈ. ਬਣਾਉਣ ਦੀ ਸਿਫਾਰਿਸ਼ ਕੀਤੀ ਹੈ| ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਚੀਫ ਜਸਟਿਸ ਗੋਗੋਈ ਨੇ ਕਾਨੂੰਨ ਅਤੇ ਨਿਆਂ ਮੰਤਰਾਲੇ ਨੂੰ ਪੱਤਰ ਲਿਖ ਕੇ ਜੱਜ ਬੋਬੜੇ ਨੂੰ ਅਗਲਾ ਚੀਫ ਜਸਟਿਸ ਬਣਾਉਣ ਦੀ ਸਿਫਾਰਿਸ਼ ਕੀਤੀ| ਜੱਜ ਗੋਗੋਈ ਨੇ 3 ਅਕਤੂਬਰ 2018 ਨੂੰ ਦੇਸ਼ ਦੇ 46ਵੇਂ ਚੀਫ ਜਸਟਿਸ ਦੇ ਤੌਰ ਤੇ ਸਹੁੰ ਚੁਕਾਈ ਸੀ| ਉਹ 17 ਨਵੰਬਰ ਨੂੰ ਰਿਟਾਇਰ ਹੋਣਗੇ| ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪ੍ਰਕਿਰਿਆ ਅਨੁਸਾਰ ਮੌਜੂਦਾ ਸੀ.ਜੇ.ਆਈ. ਹੀ ਅਗਲੇ ਸੀ.ਜੀ.ਆਈ. ਦੀ ਸਿਫ਼ਾਰਿਸ਼ ਕਰਦਾ ਹੈ| ਉੱਥੇ ਹੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਰੰਜਨ ਗੋਗੋਈ ਦੇ ਕਾਰਜਕਾਲ ਵਿੱਚ ਹੀ ਅਯੁੱਧਿਆ ਜ਼ਮੀਨ ਵਿਵਾਦ ਤੇ ਫੈਸਲਾ ਆ ਸਕਦਾ ਹੈ| ਜਿਕਰਯੋਗ ਹੈ ਕਿ ਅਯੁੱਧਿਆ ਮਾਮਲੇ ਦੀ ਸੁਣਵਾਈ ਪੂਰੀ ਹੋ ਚੁਕੀ ਹੈ ਅਤੇ ਸੁਪਰੀਮ ਕੋਰਟ ਨੇ ਇਸ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ|