ਰਾਮਪੁਰ ਜ਼ਿਮਨੀ ਚੋਣਾਂ ਆਜ਼ਮ ਖਾਨ ਦੇ ਘਰ ਕੋਲੋਂ ਫੜੇ ਗਏ ਫਰਜ਼ੀ ਬੂਥ ਏਜੰਟ
ਰਾਮਪੁਰ – ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀਆਂ 11 ਸੀਟਾਂ ਲਈ ਜ਼ਿਮਨੀ ਚੋਣਾਂ ਵਿੱਚ ਵੋਟਿੰਗ ਜਾਰੀ ਹੈ| ਰਾਮਪੁਰ ਸਦਰ ਸੀਟ ਤੇ ਜ਼ਿਮਨੀ ਚੋਣਾਂ ਦੀ ਵੋਟਿੰਗ ਦੌਰਾਨ ਸਮਾਜਵਾਦੀ ਪਾਰਟੀ (ਸਪਾ) ਦੇ ਸੰਸਦ ਮੈਂਬਰ ਆਜ਼ਮ ਖਾਨ ਦੇ ਘਰ ਨੇੜਿਊਂ ਫਰਜ਼ੀ ਬੂਥ ਏਜੰਟ ਫੜੇ ਗਏ ਹਨ| ਪੁਲਸ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਗਿੱਛ ਕਰ ਰਹੀ ਹੈ| ਰਾਮਪੁਰ ਦੇ ਜ਼ਿਲਾ ਅਧਿਕਾਰੀ (ਡੀ.ਐਮ.) ਆਨਜਨੇਯ ਕੁਮਾਰ ਸਿੰਘ ਨੇ ਦੱਸਿਆ ਕਿ 20 ਏਜੰਟਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਆਜ਼ਾਦ ਉਮੀਦਵਾਰ ਜਾਵੇਦ ਲਈ ਬਣਾਏ ਗਏ ਸਨ| ਜਿਕਰਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਮਪੁਰ ਸੀਟ ਤੋਂ ਆਜ਼ਮ ਖਾਨ ਨੇ ਚੋਣਾਂ ਜਿੱਤੀਆਂ ਸਨ| ਇਸ ਤੋਂ ਬਾਅਦ ਰਾਮਪੁਰ ਵਿਧਾਨ ਸਭਾ ਸੀਟ ਖਾਲੀ ਹੋਈ ਸੀ| ਆਜ਼ਮ ਦੀ ਪਤਨੀ ਤੰਜੀਨ ਵਿਰੁੱਧ ਭਾਜਪਾ ਨੇ ਇਸ ਸੀਟ ਤੋਂ ਭਾਰਤ ਭੂਸ਼ਣ ਨੂੰ ਉਮੀਦਵਾਰ ਬਣਾਇਆ ਹੈ| ਉੱਥੇ ਹੀ ਬਸਪਾ ਨੇ ਜੁਬੈਰ ਮਸੂਦ ਖਾਨ ਨੂੰ ਟਿਕਟ ਦਿੱਤਾ ਹੈ, ਜਦੋਂ ਕਿ ਕਾਂਗਰਸ ਨੇ ਅਰਸ਼ਦ ਅਲੀ ਖਾਨ ਤੇ ਦਾਅ ਖੇਡਿਆ ਹੈ|






