ਪਾਕਿਸਤਾਨ ‘ਚ ਚੱਲਦੀ ਟਰੇਨ ਨੂੰ ਲੱਗੀ ਅੱਗ
70 ਤੋਂ ਵਧੇਰੇ ਲੋਕਾਂ ਦੀ ਮੌਤ ਗੈਸ ਸਿਲੰਡਰ ਫਟਣ ਨਾਲ ਹੋਇਆ ਹਾਦਸਾ
ਕਰਾਚੀ – ਪਾਕਿਸਤਾਨ ਵਿੱਚ ਪੂਰਬੀ ਸੂਬੇ ‘ਚ ਵੀਰਵਾਰ ਸਵੇਰੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਕਰਾਚੀ-ਰਾਵਲਪਿੰਡੀ ਤੇਜਗਾਮ ਐਕਸਪ੍ਰੈੱਸ ਰੇਲ ਗੱਡੀ ਵਿੱਚ ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਨ ਰੇਲ ਗੱਡੀਆਂ ਦੇ ਡੱਬੇ ਸੜ ਗਏ। ਇਸ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 70 ਤੋਂ ਉੱਪਰ ਹੋ ਗਈ ਹੈ। ਇਹ ਘਟਨਾ ਲਿਆਕਤਪੁਰ ਦੇ ਰਹੀਮ ਯਾਰ ਖ਼ਾਨ ਨੇੜੇ ਵਾਪਰੀ। ਜਾਣਕਾਰੀ ਅਨੁਸਾਰ ਤੇਜਗਾਮ ਐਕਸਪ੍ਰ੍ਰੈ੍ਰੱਸ ਹਾਦਸੇ ਦੇ ਸਮੇਂ ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਸੀ, ਇਸ ਦੌਰਾਨ ਇੱਕ ਯਾਤਰੀ ਦਾ ਗੈਸ ਸਿਲੰਡਰ ਫੱਟ ਗਿਆ। ਰੇਲਵੇ ਅਧਿਕਾਰੀਆਂ ਨੇ ਗੈਸ ਸਿਲੰਡਰ ਦੇ ਫਟਣ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਯਾਤਰੀ ਨਾਸ਼ਤੇ ਦੀ ਤਿਆਰੀ ਕਰ ਰਹੇ ਸਨ ਜਦੋਂ ਇਹ ਧਮਾਕਾ ਹੋਇਆ। ਇਸ ਹਾਦਸੇ ਵਿੱਚ ਰੇਲ ਦੇ ਤਿੰਨ ਡੱਬੇ ਪੂਰੀ ਤਰ੍ਹਾਂ ਨੁਕਸਾਨੇ ਗਏ, ਜਿਨ੍ਹਾਂ ਵਿੱਚ 2 ਇਕੋਨਮੀ ਅਤੇ ਇੱਕ ਬਿਜ਼ਨਸ ਸ਼੍ਰੇਣੀ ਕੋਚ ਸ਼ਾਮਿਲ ਹਨ। ਹਾਦਸੇ ਵਿੱਚ ਲੋਕਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਦੇ ਚੰਗੇ ਇਲਾਜ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।






