ਰਾਣਾ ਸੋਢੀ ਵੱਲੋਂ ਲੌਫਬ੍ਰੋਅ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਐਲੀਸਨ ਨਾਲ ਮੁਲਾਕਾਤ
ਪਟਿਆਲਾ ਦੀ ਸਪੋਰਟਸ ਯੂਨੀਵਰਸਿਟੀ ਸਬੰਧੀ ਢਾਂਚਾਗਤ ਲੋੜਾਂ ਬਾਬਤ ਹੋਈ ਵਿਚਾਰ ਚਰਚਾ
ਨਵੀਂ ਦਿੱਲੀ – ਪੰਜਾਬ ਦੇ ਖੇਡ ਤੇ ਯੁਵਕ ਮਾਮਲੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਅੱਜ ਲੌਫਬ੍ਰੋਅ ਯੂਨੀਵਰਸਿਟੀ (ਯੂ.ਕੇ) ਦੇ ਵਾਈਸ ਚਾਂਸਲਰ ਪ੍ਰੋਫੈਸਰ ਐਲੀਸਨ ਅਤੇ ਇੰਟਰਨੈਸ਼ਨਲ ਆਫਿਸ ਦੇ ਡਾਇਰੈਕਟਰ ਸ੍ਰੀ ਚਾਰਲੀ ਬ੍ਰਾਊਨ ਨਾਲ ਅੱਜ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਗਈ। ਇਸ ਦੌਰਾਨ ਪਟਿਆਲਾ ਵਿਚ ਬਣਨ ਜਾ ਰਹੀ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਨੂੰ ਵਿਸ਼ਵ ਪੱਧਰ ਦੀ ਯੂਨੀਵਰਸਿਟੀ ਬਨਾਉਣ ਹਿੱਤ ਵੱਖ ਵੱਖ ਪੱਖਾਂ ’ਤੇ ਵਿਚਾਰ ਚਰਚਾ ਕੀਤੀ ਗਈ।ਇਹ ਮੀਟਿੰਗ ਪਟਿਆਲਾ ਦੀ ਸਪੋਰਟਸ ਯੂਨੀਵਰਸਿਟੀ ਸਬੰਧੀ ਵੱਖ ਵੱਖ ਪ੍ਰਸ਼ਾਸਕੀ ਅਤੇ ਤਕਨੀਕੀ ਮੁੱਦਿਆਂ ’ਤੇ ਡੂੰਘੀ ਵਿਚਾਰ ਚਰਚਾ ਕਰਨ ਲਈ ਕੀਤੀ ਗਈ। ਵਾਈਸ ਚਾਂਸਲਰ ਨੇ ਮੰਤਰੀ ਨੂੰ ਯੂਨੀਵਰਸਿਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸੁਚੱਜੇ ਪ੍ਰਬੰਧਨ ਲਈ ਹਰ ਕਿਸਮ ਦੀ ਯੋਗ ਸਹਾਇਤ ਦੇਣ ਦਾ ਭਰੋਸਾ ਦਿੱਤਾ।ਇਸ ਮੀਟਿੰਗ ਦੌਰਾਨ ਖੇਡ ਮੰਤਰੀ ਨੇ ਢਾਂਚਾਗਤ ਮੁੱਦੇ ਅਤੇ ਖੇਡ ਵਿਗਿਆਨ ਸਬੰਧੀ ਵਿਸਤਿ੍ਰਤ ਵਿਚਾਰ ਚਰਚਾ ਕੀਤੀ। ਵਿਚਾਰ ਚਰਚਾ ਦੇ ਮੁੱਦਿਆਂ ਵਿਚ ਖੇਡ ਵਿਗਿਆਨ ਦੇ ਮਾਹਰ ਕੋਚਾਂ ਦੀ ਨਿਯੁਕਤੀ, ਖਿਡਾਰੀਆਂ ਨੂੰ ਆਪਣੀ ਚੁਣੀ ਗਈ ਖੇਡ ਦੀ ਸਿਖਲਾਈ ਦੌਰਾਨ ਲੱਗਣ ਵਾਲੀਆਂ ਸੱਟਾਂ ਤੋਂ ਬਚਣ ਅਤੇ ਉਭਰਣ ਸਬੰਧੀ ਸਿਖਲਾਈ ਦੇਣਾ, ਵੱਖ ਵੱਖ ਨਿਵੇਕਲੀਆਂ ਸਿਖਲਾਈ ਤਕਨੀਕਾਂ ਰਾਹੀਂ ਖਿਡਾਰੀਆਂ ਦੀ ਰਿਸ਼ਟ-ਪੁਸ਼ਟਤਾ ਨੂੰ ਬਰਕਰਾਰ ਰੱਖਣਾ ਅਤੇ ਵਿਸ਼ਵ ਪੱਧਰੀ ਮੁਕਾਬਲਿਆਂ ਦੇ ਮੱਦੇਨਜ਼ਰ ਕੋਚਾਂ ਅਤੇ ਖਿਡਾਰੀਆਂ ਦੀ ਮਨੋਵਿਗਿਆਨਕ ਤਿਆਰੀ ਕਰਵਾਉਣਾ ਆਦਿ ਸ਼ਾਮਲ ਸਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਰਾਣਾ ਸੋਢੀ ਨੇ ਦੱਸਿਆ ਕਿ ਪਟਿਆਲਾ ਦੀ ਸਪੋਰਟਸ ਯੂਨੀਵਰਸਿਟੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਪਨਾ ਹੈ ਜੋ ਕਿ ਖੇਡਾਂ ਦੇ ਖੇਤਰ ਅਤੇ ਖੇਡ ਵਿਗਿਆਨ ਵਿਚ ਸੂਬੇ ਦੀ ਸਰਦਾਰੀ ਨੂੰ ਮੁੜ ਕਾਇਮ ਕਰਨ ਦੇ ਉਦੇਸ਼ ਨਾਲ ਉਲੀਕਿਆ ਗਿਆ ਹੈ। ਰਾਣਾ ਸੋਢੀ ਵਲੋਂ ਤਕਨੀਕੀ ਅਤੇ ਪ੍ਰਬੰਧਕੀ ਮਾਹਰਾਂ ਨਾਲ ਕੀਤੀ ਇਸ ਮੀਟਿੰਗ ਦਾ ਮੁੱਖ ਮੰਤਵ ਸਪੋਰਟਸ ਯੂਨੀਵਰਸਿਟੀ ਦੇ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਹਰ ਪੱਖ ਤੋਂ ਮਜ਼ਬੂਤ ਅਤੇ ਕਾਮਯਾਬ ਬਣਾਉਣਾ ਹੈ। ਉਨਾਂ ਕਿਹਾ ਕਿ ਇਸ ਮੀਟਿੰਗ ਦੌਰਾਨ ਹਾਸਲ ਹੋਏ ਤਜ਼ਰਬੇ ਯੂਨੀਵਰਸਿਟੀ ਨੂੰ ਕਾਮਯਾਬ ਬਣਾਉਣ ਵਿਚ ਮੀਲ ਪੱਥਰ ਸਾਬਤ ਹੋਣਗੇ।ਇਸ ਮੌਕੇ ਖੇਡ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੰਜੇ ਕੁਮਾਰ ਅਤੇ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਲੈਫ. ਜਨਰਲ (ਸੇਵਾ ਮੁਕਤ) ਜੇ.ਐਸ. ਚੀਮਾ ਵੀ ਮੌਜੂਦ ਸਨ।






