ਦਿੱਲੀ ‘ਚ ਹਵਾ ਪ੍ਰਦੂਸ਼ਣ ਖ਼ਤਰਨਾਕ ਪੱਧਰ ‘ਤੇ-ਏ.ਕਿਊ.ਆਈ. 1000 ਦੇ ਪਾਰ
ਕਈ ਸ਼ਹਿਰਾਂ ਦੀਆਂ 32 ਉਡਾਨਾਂ ਦਾ ਰੂਟ ਬਦਲਿਆ
ਨਵੀਂ ਦਿੱਲੀ – ਦਿੱਲੀ ਅਤੇ ਐੱਨ.ਸੀ.ਆਰ. ‘ਚ ਪ੍ਰਦੂਸ਼ਣ ਖ਼ਤਰਨਾਕ ਸਥਿਤੀ ‘ਚ ਪਹੁੰਚ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਤਾਜ਼ਾ ਅੰਕੜਿਆਂ ਅਨੁਸਾਰ, ਦਿੱਲੀ ‘ਚ ਏਅਰ ਕੁਆਲਿਟੀ ਇੰਡੈਕਸ (ਏ.ਕਿਊ. ਆਈ.) ਇੱਕ ਹਜ਼ਾਰ ਦੇ ਪਾਰ ਪਹੁੰਚ ਗਿਆ ਹੈ, ਉੱਥੇ ਹੀ ਖ਼ਰਾਬ ਮੌਸਮ ਕਾਰਨ ਹਵਾਈ ਸੇਵਾਵਾਂ ‘ਤੇ ਅਸਰ ਪਿਆ ਹੈ। ਖ਼ਰਾਬ ਮੌਸਮ ਅਤੇ ਘੱਟ ਦ੍ਰਿਸ਼ਤਾ (ਲੋਅ ਵਿਜ਼ੀਬਿਲੀਟੀ) ਕਾਰਨ ਇੰਦਰਾ ਗਾਂਧੀ ਏਅਰਪੋਰਟ ਤੋਂ 32 ਫਲਾਈਟਾਂ ਡਾਇਵਰਟ ਕੀਤੀਆਂ ਗਈਆਂ ਹਨ। ਟਰਮੀਨਲ 3 ਤੋਂ ਜੈਪੁਰ ਲਖਨਊ ਤੇ ਅੰਮ੍ਰਿਤਸਰ ਜਾਣ ਵਾਲੀਆਂ 12 ਉਡਾਨਾਂ ਦਾ ਰੂਟ ਬਦਲ ਦਿੱਤਾ ਗਿਆ। ਉੱਥੇ ਹੀ ਦਿੱਲੀ ਦੀਆਂ ਜ਼ਿਆਦਾਤਰ ਥਾਵਾਂ ‘ਤੇ ਪੀ.ਐੱਮ. 2.5 ਦਾ ਪੱਧਰ 668 ਤੇ ਪੀ.ਐੱਮ. 10 ਦਾ ਪੱਧਰ 999 ਤੱਕ ਪਹੁੰਚ ਗਿਆ। ਪਟਪੜਗੰਜ ‘ਚ ਸਵੇਰੇ 11 ਵਜੇ ਤੱਕ ਪੀ.ਐੱਮ. 2.5 ਦਾ ਪੱਧਰ 917 ਜਦੋਂ ਕਿ ਪੀ.ਐੱਮ. 10 ਦਾ ਪੱਧਰ 999 ਦਰਜ ਕੀਤਾ ਗਿਆ। ਉੱਥੇ ਹੀ ਪੰਜਾਬੀ ਬਾਗ ‘ਚ ਪੀ.ਐੱਮ. 2.5 ਦਾ ਪੱਧਰ 973 ਜਦੋਂ ਕਿ ਪੀ.ਐੱਮ. 10 ਦਾ ਪੱਧਰ 999 ਰਿਕਾਰਡ ਕੀਤਾ ਗਿਆ। ਆਨੰਦ ਵਿਹਾਰ ‘ਚ ਪੀਐੱਮ 2.5 ਤੇ ਪੀ.ਐੱਮ. 10 ਦਾ ਪੱਧਰ 999 ਦਰਜ ਕੀਤਾ ਗਿਆ। ਓਧਰ ਆਰ.ਕੇ. ਪੁਰਮ ‘ਚ ਪੀ.ਐੱਮ. 2.5 ਦਾ ਪੱਧਰ 676 ਜਦੋਂ ਕਿ ਪੀ.ਐੱਮ. 10 ਦਾ ਪੱਧਰ 910 ਦਰਜ ਕੀਤਾ ਗਿਆ। ਕੁੱਲ ਮਿਲਾ ਕੇ ਦਿੱਲੀ ‘ਚ ਐਤਵਾਰ ਨੂੰ ਹਵਾ ਦੀ ਗੁਣਵੱਤਾ ਬਹੁਤ ਜ਼ਿਆਦਾ ਖ਼ਰਾਬ ਰਹੀ। ਹਲਕੀ ਬੂੰਦਾਬਾਂਦੀ ਤੋਂ ਬਾਅਦ ਵੀ ਪ੍ਰਦੂਸ਼ਣ ਤੋਂ ਫਿਲਹਾਲ ਲੋਕਾਂ ਨੂੰ ਰਾਹਤ ਨਹੀਂ ਮਿਲੀ। ਹਵਾ ਦੀ ਗੁਣਵੱਤਾ ਖ਼ਰਾਬ ਹੋਣ ਕਾਰਨ ਦ੍ਰਿਸ਼ਤਾ ਵੀ ਸਵੇਰੇ ਕਾਫ਼ੀ ਘੱਟ ਰਹੀ। ਵਧਦੇ ਪ੍ਰਦੂਸ਼ਣ ਦਾ ਅਸਰ ਦਿੱਲੀ ਦੇ ਨਾਲ ਲੱਗਦੇ ਨੋਇਡਾ ‘ਤੇ ਵੀ ਰਿਹਾ। ਗੌਤਮ ਬੁੱਧ ਨਗਰ ਜ਼ਿਲ੍ਹੇ ‘ਚ ਸਾਵਧਾਨੀ ਪੱਖੋਂ ਸਕੂਲਾਂ ਨੂੰ ਕੱਲ੍ਹ ਤੋਂ 2 ਦਿਨਾਂ ਲਈ ਬੰਦ ਕੀਤਾ ਗਿਆ ਹੈ। ਇਸ ਬਾਰੇ ਹੁਕਮ ਜ਼ਿਲ੍ਹਾ ਅਧਿਕਾਰੀ ਬ੍ਰਿਜੇਸ਼ ਨਾਰਾਇਣ ਸਿੰਘ ਨੇ ਜਾਰੀ ਕੀਤੇ। ਨਰਸਰੀ ਤੋਂ 12ਵੀਂ ਤੱਕ ਦੇ ਸਕੂਲਾਂ ‘ਚ ਛੁੱਟੀ ਕੀਤੀ ਗਈ ਹੈ। ਹਵਾ ਦੀ ਗੁਣਵੱਤਾ ਸਭ ਤੋਂ ਜ਼ਿਆਦਾ ਖ਼ਰਾਬ ਦਰਜ ਕੀਤੀ ਗਈ ਤੇ ਅਧਿਕਾਰੀਆਂ ਨੇ ਸਕੂਲਾਂ ਨੂੰ ਕੁਝ ਦਿਨ ਬੰਦ ਰੱਖਣ, ਸਾਰੇ ਨਿਰਮਾਣ ਗਤੀਵਿਧੀਆਂ ‘ਤੇ ਰੋਕ ਲਾਉਣ ਤੇ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ। ਅਧਿਕਾਰੀਆਂ ਨੇ ਉਲੰਘਣਾ ਕਰਨ ਵਾਲਿਆਂ ‘ਤੇ ਕਾਰਵਾਈ ਕਰਦੇ ਹੋਏ 34 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਸ ‘ਚ ਨੋਇਡਾ ਤੇ ਗ੍ਰੇਟਰ ਨੋਇਡਾ ‘ਚ ਪੰਜ ਰੀਅਲ ਅਸਟੇਟ ਕੰਪਨੀਆਂ ਦੇ ਨਿਰਮਾਣ ਥਾਂਵਾਂ ਤੋਂ ਇੱਕ ਨਿਰਦੇਸ਼ਕ ਤੇ ਤਿੰਨ ਇੰਜੀਨਿਅਰਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।






