April 26, 2026
#ਭਾਰਤ

ਮਹਾਰਾਸ਼ਟਰ ਵਿੱਚ ਬੱਸ ਪਲਟਣ ਨਾਲ 5 ਦੀ ਮੌਤ, 30 ਜ਼ਖਮੀ

ਮੁੰਬਈ – ਮਹਾਰਾਸ਼ਟਰ ਦੇ ਭੋਰ ਘਾਟ ਨੇੜੇ ਸਥਿਤ ਪੁਰਾਣੇ ਪੁਣੇ-ਮੁੰਬਈ ਹਾਈਵੇਅ ਤੇ ਇਕ ਵੱਡਾ ਹਾਦਸਾ ਹੋ ਗਿਆ ਹੈ| ਇੱਥੇ ਬੱਸ ਪਲਟਣ ਨਾਲ 5 ਯਾਤਰੀਆਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖਮੀ ਹੋ ਗਏ| ਬੱਸ ਡਰਾਈਵਰ ਨੇ ਬੱਸ ਤੋਂ ਕੰਟਰੋਲ ਗਵਾ ਦਿੱਤਾ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ| ਜਾਣਕਾਰੀ ਅਨੁਸਾਰ ਬੱਸ 60 ਫੁੱਟ ਡੂੰਘੀ ਖੱਡ ਵਿੱਚ ਡਿੱਗੀ| ਹਾਈਵੇਅ ਪੁਲੀਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਪਨਵੇਲ,ਉਰਸੇ,ਤੇਲੇਗਾਓਂ ਅਤੇ ਨਿਗੜੀ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ| ਘਟਨਾ ਸਵੇਰ ਦੇ 5 ਵਜੇ ਵਾਪਰੀ, ਜਦੋਂ ਡਰਾਈਵਰ ਦਾ ਬੱਸ ਤੋਂ ਕੰਟਰੋਲ ਛੁੱਟ ਗਿਆ| ਜਿਸ ਤੋਂ ਬਾਅਦ ਬੱਸ ਖੱਡ ਵਿੱਚ ਡਿੱਗ ਗਈ|ਪੁਲੀਸ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ,ਉਨ੍ਹਾਂ ਵਿੱਚ ਇਕ 2 ਸਾਲ ਦਾ ਬੱਚਾ, ਇਕ ਨੌਜਵਾਨ ਕੁੜੀ,ਇਕ ਪੁਰਸ਼ ਅਤੇ ਇਕ ਔਰਤ ਸ਼ਾਮਲ ਹਨ| ਮਹਾਰਾਸ਼ਟਰ ਰਾਜ ਸੜਕ ਟਰਾਂਸਪੋਰਟ ਨਿਗਮ ਦੇ ਬਚਾਅ ਦਲ ਦੇਵਦੂਤ ਅਤੇ ਹਾਈਵੇਅ ਕਰਮਚਾਰੀਆਂ,ਖੋਪੋਲੀ ਪੁਲੀਸ ਅਤੇ ਲੋਕਾਂ ਨੇ ਮਿਲ ਕੇ ਬੱਸ ਦੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ| ਪੁਲੀਸ ਸੁਪਰਡੈਂਟ (ਹਾਈਵੇਅ) ਮਿਲਿੰਦ ਮੋਹਿਤੇ ਨੇ ਕਿਹਾ ਕਿ ਪੁਲੀਸ ਕਰਮਚਾਰੀ ਹਾਲੇ ਵੀ ਬਚਾਅ ਕੰਮ ਵਿੱਚ ਜੁਟੇ ਹੋਏ ਹਨ| ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਬੱਸ ਦੇ ਅੰਦਰ ਹੋਰ ਵੀ ਲੋਕ ਫਸੇ ਹੋਏ ਹਨ ਜਾਂ ਨਹੀਂ|