ਦਿੱਲੀ ਦੇ ਜੇ. ਐਨ. ਯੂ ਵਿੱਚ ਫੀਸ ਵਾਧੇ ਵਿਰੁੱਧ ਵਿਦਿਆਰਥੀਆਂ ਦਾ ਹੰਗਾਮਾ
ਨਵੀਂ ਦਿੱਲੀ – ਫੀਸ ਵਿੱਚ ਵਾਧੇ ਸਮੇਤ ਕਈ ਮੁੱਦਿਆਂ ਤੇ ਬੀਤੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਹੁਣ ਦਿੱਲੀ ਦੀਆਂ ਸੜਕਾਂ ਤੇ ਉਤਰ ਆਏ ਹਨ| ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਰੋਹ ਨੂੰ ਕੈਂਪਸ ਤੋਂ ਬਾਹਰ ਆਯੋਜਿਤ ਕੀਤੇ ਜਾਣ ਤੋਂ ਵਿਦਿਆਰਥੀ ਨਾਰਾਜ਼ ਹਨ| ਫੀਸ ਵਿੱਚ ਵਾਧੇ ਅਤੇ ਡਿਗਰੀ ਵੰਡ ਸਮਾਰੋਹ ਦੇ ਵਿਰੋਧ ਵਿੱਚ ਵਿਦਿਆਰਥੀ ਯੂਨੀਵਰਸਿਟੀ ਤੋਂ ਲੈ ਕੇ ਵਸੰਤ ਕੁੰਜ ਸਥਿਤ ਪ੍ਰੋਗਰਾਮ ਸਥਾਨ ਤੱਕ ਮਾਰਚ ਕੱਢ ਰਹੇ ਹਨ| ਇਸ ਦੌਰਾਨ ਦਿੱਲੀ ਪੁਲੀਸ ਨੇ ਸੁਰੱਖਿਆ ਬੇਹੱਦ ਸਖਤ ਕਰ ਦਿੱਤੀ ਹੈ|ਡਿਗਰੀ ਵੰਡ ਸਮਾਰੋਹ ਵਿੱਚ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹਨ| ਉਨ੍ਹਾਂ ਨਾਲ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਵੀ ਮੌਜੂਦ ਹਨ| ਸਵੇਰੇ 8 ਵਜੇ ਹੀ ਵਿਦਿਆਰਥੀ ਯੂਨੀਵਰਸਿਟੀ ਦੀ ਐਡਮਿਨੀਸਟ੍ਰੇਟਿਵ ਬਿਲਡਿੰਗ ਤੇ ਜਮ੍ਹਾ ਹੋਏ ਅਤੇ ਉੱਥੋਂ ਪ੍ਰੋਗਰਾਮ ਸਥਾਨ ਤੱਕ ਮਾਰਚ ਸ਼ੁਰੂ ਕੀਤਾ| ਵਿਦਿਆਰਥੀਆਂ ਦੇ ਹੰਗਾਮੇ ਨੂੰ ਦੇਖਦੇ ਹੋਏ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ| ਦੱਸਣਯੋਗ ਹੈ ਕਿ ਇਸ ਅੰਦੋਲਨ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਆਈਸਾ ਏ.ਆਈ.ਐਸ.ਐਫ. ਅਤੇ ਐਸ.ਐਫ. ਆਈ. ਸਾਰੇ ਵਿਦਿਆਰਥੀ ਸੰਗਠਨ ਹਿੱਸਾ ਲੈ ਰਹੇ ਹਨ| ਇਕ ਅੰਦੋਲਨਕਾਰੀ ਵਿਦਿਆਰਥੀ ਨੇ ਕਿਹਾ, ”ਅਸੀਂ ਬੀਤੇ 15 ਦਿਨਾਂ ਤੋਂ ਫੀਸ ਵਿੱਚ ਵਾਧੇ ਦਾ ਵਿਰੋਧ ਕਰ ਰਹੇ ਹਾਂ| ਯੂਨੀਵਰਸਿਟੀ ਵਿੱਚ ਘੱਟੋ-ਘੱਟ 40 ਫੀਸਦੀ ਵਿਦਿਆਰਥੀ ਅਜਿਹੇ ਹਨ, ਜੋ ਗਰੀਬ ਪਰਿਵਾਰਾਂ ਤੋਂ ਆਉਂਦੇ ਹਨ| ਆਖਰ ਇਹ ਵਿਦਿਆਰਥੀ ਕਿਵੇਂ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੇ?” ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਿਨਾਂ ਸਸਤੀ ਐਜ਼ੂਕੇਸ਼ਨ ਦੇ ਡਿਗਰੀ ਵੰਡ ਸਮਾਰੋਹ ਮਨਜ਼ੂਰ ਨਹੀਂ ਹੈ| ਹੋਸਟਲ ਫੀਸ ਵਾਧੇ ਦਾ ਮਾਮਲਾ ਯੂਨੀਵਰਸਿਟੀ ਵਿੱਚ ਕਾਫੀ ਅੱਗੇ ਜਾ ਚੁਕਿਆ ਹੈ ਅਤੇ ਹੁਣ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ|






