ਅਯੁੱਧਿਆ ਮੰਦਰ ਟਰੱਸਟ ਬਾਰੇ ਮਹੰਤਾਂ ਤੇ ਸਾਧੂਆਂ ’ਚ ਮੱਤਭੇਦ
ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਮੁਹਿੰਮ ਨਾਲ ਜੁੜੇ ਰਹੇ ਮਹੰਤਾਂ ਤੇ ਸਾਧੂਆਂ ਨੇ ਮੰਦਰ ਉਸਾਰੀ ਲਈ ਟਰੱਸਟ ਦੇ ਗਠਨ ’ਤੇ ਵੱਖੋ-ਵੱਖਰੇ ਵਿਚਾਰ ਪ੍ਰਗਟਾਏ ਹਨ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਟਰੱਸਟ ਦੇ ਗਠਨ ਦਾ ਹੁਕਮ ਦਿੱਤਾ ਸੀ। ਰਾਮ ਜਨਮਭੂਮੀ ਨਯਾਸ ਦੇ ਪ੍ਰਧਾਨ ਮਹੰਤ ਨ੍ਰਿਤਯਾ ਗੋਪਾਲ ਦਾਸ ਨੇ ਕਿਹਾ ਕਿ ਨਵਾਂ ਟਰੱਸਟ ਬਣਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਕ ਟਰੱਸਟ (ਨਯਾਸ) ਪਹਿਲਾਂ ਹੀ ਮੰਦਰ ਉਸਾਰੀ ਲਈ ਬਣਿਆ ਹੋਇਆ ਹੈ। ਇਸ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਹੀ ਵੱਡਾ ਰੂਪ ਦਿੱਤਾ ਜਾ ਸਕਦਾ ਹੈ ਤੇ ਲੋੜ ਮੁਤਾਬਕ ਨਵੇਂ ਮੈਂਬਰ ਸ਼ਾਮਲ ਕੀਤੇ ਜਾ ਸਕਦੇ ਹਨ। ਦਿਗਾਂਬਰ ਅਖਾੜੇ ਦੇ ਮਹੰਤ ਸੁਰੇਸ਼ ਦਾਸ ਨੇ ਕਿਹਾ ਕਿ ਅਦਾਲਤ ਨੇ ਸਪੱਸ਼ਟ ਕਿਹਾ ਹੈ ਕਿ ਕੇਂਦਰ ਨਵਾਂ ਟਰੱਸਟ ਕਾਇਮ ਕਰੇ ਤੇ ਹੁਣ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਕਿ ਰਾਮ ਜਨਮਭੂਮੀ ਨਯਾਸ ਦੀ, ਹਾਲਾਂਕਿ ਨਯਾਸ ਦੇ ਨੁਮਾਇੰਦੇ ਨਵੇਂ ਟਰੱਸਟ ਦੇ ਮੈਂਬਰਾਂ ਵਜੋਂ ਲਏ ਜਾ ਸਕਦੇ ਹਨ। ਨਿਰਮੋਹੀ ਅਖਾੜੇ ਦੇ ਮਹੰਤ ਦੀਨੇਂਦਰ ਦਾਸ, ਜਿਨ੍ਹਾਂ ਦਾ ਦਾਅਵਾ ਅਦਾਲਤ ਨੇ ਖ਼ਾਰਜ ਕਰ ਦਿੱਤਾ ਸੀ, ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਮੁਤਾਬਕ ਟਰੱਸਟ ਬਣਨਾ ਚਾਹੀਦਾ ਹੈ। ਉਨ੍ਹਾਂ ਹਾਲਾਂਕਿ ਸਰਕਾਰੀ ਟਰੱਸਟ ਵਿਚ ਸ਼ਾਮਲ ਹੋਣ ਬਾਰੇ ਆਪਣੀ ਰਾਇ ਖੁੱਲ੍ਹ ਕੇ ਨਹੀਂ ਪ੍ਰਗਟਾਈ।






