ਭਾਰਤੀ ਫੌਜ ਨਾਲ ਲੜਨ ਲਈ ਕਸ਼ਮੀਰੀਆਂ ਨੂੰ ਪਾਕਿ ਵਿੱਚ ਦਿੱਤੀ ਸੀ ਟਰੇਨਿੰਗ : ਮੁਸ਼ੱਰਫ
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਜਨਤਕ ਤੌਰ ਤੇ ਸਵੀਕਾਰ ਕੀਤਾ ਕਿ ਭਾਰਤੀ ਫੌਜ ਨਾਲ ਲੜਨ ਲਈ ਕਸ਼ਮੀਰੀਆਂ ਨੂੰ ਪਾਕਿਸਤਾਨ ਵਿੱਚ ਟਰੇਨਿੰਗ ਦਿੱਤੀ ਜਾਂਦੀ ਸੀ| ਮੁਸ਼ੱਰਫ ਨੇ ਕਿਹਾ ਕਿ ਓਸਾਮਾ ਬਿਨ ਲਾਦੇਨ ਅਤੇ ਜਲਾਲੁਦੀਨ ਹੱਕਾਨੀ ਜਿਹੇ ਅੱਤਵਾਦੀ ਪਾਕਿਸਤਾਨ ਦੇ ਹੀਰੋ ਸਨ| ਮੁਸ਼ੱਰਫ ਦੇ ਇੰਟਰਵਿਊ ਦਾ ਵੀਡੀਓ ਪਾਕਿਸਤਾਨੀ ਆਗੂ ਫਰਹਿਤੁੱਲਾ ਬਾਬਰ ਨੇ ਟਵਿੱਟਰ ਤੇ ਸ਼ੇਅਰ ਕੀਤਾ| ਮੁਸ਼ੱਰਫ ਦੇ ਇਹ ਇੰਟਰਵਿਊ ਕਦੋਂ ਦਿੱਤਾ, ਇਸ ਦੀ ਜਾਣਕਾਰੀ ਨਹੀਂ ਹੈ|ਮੁਸ਼ੱਰਫ ਨੇ ਕਿਹਾ,”1979 ਤੋਂ ਬਹੁਤ ਕੁਝ ਬਦਲ ਰਿਹਾ ਹੈ| ਅਸੀਂ ਪਾਕਿਸਤਾਨ ਦੇ ਹੱਕ ਵਿੱਚ ਕੱਟੜਪੰਥੀਆਂ ਨੂੰ ਬੜਾਵਾ ਦਿੱਤਾ| ਅਸੀਂ ਪੂਰੀ ਦੁਨੀਆ ਤੋਂ ਮੁਜਾਹਿਦੀਨ ਲੈ ਕੇ ਆਏ| ਅਸੀਂ ਤਾਲਿਬਾਨ ਨੂੰ ਟਰੇਨਿੰਗ ਦਿੱਤੀ| ਉਨ੍ਹਾਂ ਨੂੰ ਹਥਿਆਰ ਦਿੱਤੇ| ਤਾਲਿਬਾਨ, ਹੱਕਾਨੀ, ਜਵਾਹਿਰੀ ਅਤੇ ਓਸਾਮਾ ਬਿਨ ਲਾਦੇਨ ਸਾਡੇ ਹੀਰੋ ਸਨ| ਹੁਣ ਮਾਹੌਲ ਬਦਲ ਗਿਆ ਹੈ| ਇਹ ਹੀਰੋ ਹੁਣ ਖਲਨਾਇਕ ਬਣ ਗਏ ਹਨ|”ਮੁਸ਼ੱਰਫ ਨੇ ਕਿਹਾ,”1990 ਦੇ ਦਹਾਕੇ ਵਿਚ ਕਸ਼ਮੀਰ ਵਿੱਚ ਆਜ਼ਾਦੀ ਦੀ ਲੜਾਈ ਸ਼ੁਰੂ ਹੋਈ ਸੀ| ਇੱਥੋਂ ਦੇ ਨਾਗਰਿਕ ਭੱਜ ਕੇ ਪਾਕਿਸਤਾਨ ਆ ਰਹੇ ਸਨ| ਅਸੀਂ ਉਨ੍ਹਾਂ ਨੂੰ ਹੀਰੋ ਦੱਸਦੇ ਹੋਏ ਭਾਰਤੀ ਫੌਜ ਨਾਲ ਲੜਨ ਦੀ ਟਰੇਨਿੰਗ ਦਿੱਤੀ ਸੀ| ਉਹ ਹੀ ਅੱਗੇ ਚੱਲ ਕੇ ਲਸ਼ਕਰ-ਏ-ਤੋਇਬਾ ਵਰਗੇ ਬਣੇ| ਉਹ ਪਹਿਲਾਂ ਧਾਰਮਿਕ ਕੱਟੜਪੰਥੀ ਹੋਇਆ ਕਰਦੇ ਸਨ, ਜੋ ਆਪਣੇ ਹੱਕ ਲਈ ਲੜਦੇ ਸਨ| ਹੁਣ ਉਹ ਅੱਤਵਾਦੀਆਂ ਵਿਚ ਬਦਲ ਗਏ ਹਨ|”






