April 24, 2026
#ਖੇਡਾਂ

ਪਹਿਲਾ ਟੈਸਟ ਬੰਗਲਾਦੇਸ਼ ਦੇ ਸ਼ੇਰ 150 ’ਤੇ ਢੇਰ

ਇੰਦੌਰ – ਮੁਹੰਮਦ ਸ਼ਮੀ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਨਾਲ ਬੰਗਲਾਦੇਸ਼ ਨੂੰ ਪਹਿਲੀ ਪਾਰੀ ’ਚ 150 ਦੌੜਾਂ ’ਤੇ ਆਊਟ ਕਰਨ ਤੋਂ ਬਾਅਦ ਭਾਰਤ ਨੇ ਪਹਿਲੇ ਕ੍ਰਿਕਅ ਟੈਸਟ ਮੈਚ ਦੇ ਪਹਿਲੇ ਦਿਨ ਪਹਿਲੀ ਪਾਰੀ ’ਚ ਇਕ ਵਿਕਟ ਗੁਆ ਕੇ 86 ਦੌੜਾਂ ਬਣਾਈਆਂ। ਦਿਨ ਦਾ ਖੇਡ ਖ਼ਤਮ ਹੋਣ ’ਤੇ ਚੇਤੇਸ਼ਵਰ ਪੁਜਾਰਾ 43 ਜਦੋਂਕਿ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ 37 ਦੌੜਾਂ ਬਣਾ ਕੇ ਕਰੀਜ਼ ’ਤੇ ਡਟੇ ਹੋਏ ਸਨ। ਭਾਰਤ ਨੇ ਰੋਹਿਤ ਸ਼ਰਮਾ (06) ਦੇ ਰੂਪ ਵਿੱਚ ਇਕਮਾਤਰ ਵਿਕਟ ਗੁਆਇਆ ਹੈ। ਪੁਜਾਰਾ ਨੇ 61 ਗੇਂਦਾ ਸਾਹਮਣਾ ਕਰਦੇ ਹੋਏ ਸੱਤ ਚੌਕੇ ਮਾਰੇ ਜਦੋਂਕਿ ਮਯੰਕ ਦੀ 81 ਗੇਂਦਾਂ ਦੀ ਪਾਰੀ ’ਚ ਛੇ ਚੌਕੇ ਸ਼ਾਮਲ ਹਨ। ਭਾਰਤ ਹੁਣ ਪਹਿਲੀ ਪਾਰੀ ਦੇ ਆਧਾਰ ’ਤੇ ਬੰਗਲਾਦੇਸ਼ ਤੋਂ ਸਿਰਫ਼ 64 ਦੌੜਾਂ ਪਿੱਛੇ ਹੈ ਜਦੋਂਕਿ ਉਸ ਦੀਆਂ ਨੌਂ ਵਿਕਟਾਂ ਪਈਆਂ ਹਨ। ਬੰਗਲਾਦੇਸ਼ ਦੀ ਟੀਮ ਇਸ ਤੋਂ ਪਹਿਲਾਂ ਸ਼ਮੀ (27 ਦੌੜਾਂ ’ਤੇ ਤਿੰਨ ਵਿਕਟਾਂ), ਇਸ਼ਾਂਤ ਸ਼ਰਮਾ (20 ਦੌੜਾਂ ’ਤੇ ਦੋ ਵਿਕਟਾਂ), ਰਵੀਚੰਦਰਨ ਅਸ਼ਵਿਨ (43 ਦੌੜਾਂ ’ਤੇ ਦੋ ਵਿਕਟਾਂ) ਅਤੇ ਉਮੇਸ਼ ਯਾਦਵ (47 ਦੌੜਾਂ ’ਤੇ ਦੋ ਵਿਕਟਾਂ) ਦੀ ਗੇਂਦਬਾਜ਼ੀ ਅੱਗੇ 58.3 ਓਵਰਾਂ ’ਚ 150 ਦੌੜਾਂ ’ਤੇ ਹੀ ਆਊਟ ਹੋ ਗਈ। ਟੀਮ ਨੇ ਆਪਣੀਆਂ ਆਖ਼ਰੀ ਪੰਜ ਵਿਕਟਾਂ ਸਿਰਫ਼ 10 ਦੌੜਾਂ ’ਤੇ ਗੁਆਈਆਂ। ਮੁਸ਼ਫਿਕੁਰ ਰਹੀਮ (43) ਅਤੇ ਕਪਤਾਨ ਮੋਮੀਨੁਲ ਹੱਕ (37) ਹੀ ਬੰਗਲਾਦੇਸ਼ ਵੱਲੋਂ 30 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕੇ। ਭਾਰਤ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਅਤੇ ਮੇਜ਼ਬਾਨ ਟੀਮ ਨੇ 14 ਦੌੜਾਂ ਦੇ ਸਕੋਰ ’ਤੇ ਹੀ ਰੋਹਿਤ ਦਾ ਵਿਕਟ ਗੁਆ ਦਿੱਤਾ ਜਿਸ ਨੇ ਅਬੂ ਜਾਇਦ ਦੀ ਗੇਂਦ ’ਤੇ ਵਿਕਟਕੀਪਰ ਲਿਟਨ ਦਾਸ ਨੂੰ ਕੈਚ ਫੜਾਇਆ। ਪੁਜਾਰਾ ਤੇ ਮਯੰਕ ਨੇ ਇਸ ਤੋਂ ਬਾਅਦ ਪਾਰੀ ਨੂੰ ਸੰਭਾਲਿਆ।