September 29, 2026
#ਪੰਜਾਬ #ਭਾਰਤੀ ਡਾਇਸਪੋਰਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ

ਐਸ.ਏ.ਐਸ ਨਗਰ – ਸਥਾਨਕ ਸੈਕਟਰ 90-91 ਦੀ ਸਮੁੱਚੀ ਸੰਗਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ| ਇਸ ਮੌਕੇ ਪੰਥ ਦੇ ਉੱਘੇ ਕੀਰਤਨੀ ਜਥੇ ਭਾਈ ਚਮਨਜੀਤ ਸਿੰਘ ਲਾਲ ਦਿੱਲੀ ਵਾਲਿਆਂ ਵੱਲੋਂ ਮਨੋਹਰ ਕੀਰਤਨ ਕਰਦਿਆਂ ਹੋਇਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ ਅਤੇ ਉੱਘੇ ਵਿਦਵਾਨ ਅਤੇ ਕਥਾ ਵਾਚਕ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਇਤਿਹਾਸ ਨਾਲ ਸਬੰਧਿਤ ਗੁਰਮਤਿ ਵਿਚਾਰਾਂ ਸੁਣਾ ਕੇ ਨਿਹਾਲ ਕੀਤਾ| ਇਸ ਮੌਕੇ ਫਿਲਮ ਚਾਰ ਸਾਹਿਬਜ਼ਾਦੇ ਵਿੱਚ ਘੋੜੀ ਪੇਸ਼ ਕਰਨ ਵਾਲੀ ਬੀਬਾ ਤ੍ਰਿਪਤ ਜੀਤ ਕੌਰ ਅਤੇ ਸਾਥੀਆਂ ਨੇ ਇੱਕ ਘੰਟੇ ਲਈ ਸ਼ਬਦ ਕੀਰਤਨ ਕਰਕੇ ਸੰਗਤ ਦਾ ਮਨ ਮੋਹ ਲਿਆ| ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾਈਆਂ ਅਤੇ ਕਥਾ ਤੇ ਕੀਰਤਨ ਸਮਾਗਮ ਦਾ ਆਨੰਦ ਮਾਣਿਆ| ਮੰਚ ਸੰਚਾਲਨ ਕੌਂਸਲਰ ਫੂਲਰਾਜ ਸਿੰਘ ਨੇ ਬਾਖੂਬੀ ਨਿਭਾਇਆ ਅਤੇ ਮੁੱਖ ਪ੍ਰਬੰਧਕਾਂ ਡੀਐਸਪੀ ਹਰਸਿਮਰਤ ਸਿੰਘ ਬੱਲ, ਅਮਰੀਕ ਸਿੰਘ ਸਾਜਨ, ਗੁਰਦੀਪ ਸਿੰਘ ਸਾਜਨ, ਡਾ. ਲਖਵਿੰਦਰ ਸਿੰਘ, ਕਮਲਜੀਤ ਕੌਰ , ਭੁਪਿੰਦਰ ਸਿੰਘ ਨੇ ਪੂਰੀ ਤਨਦੇਹੀ ਨਾਲ ਸੇਵਾ ਨਿਭਾਈ| ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ| ਇਸ ਮੌਕੇ ਇਹ ਵੀ ਐਲਾਨ ਕੀਤਾ ਗਿਆ ਕਿ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ ਵੱਲੋਂ ਜੋ ਇਸ ਸੈਕਟਰ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਜਾ ਰਿਹਾ ਹੈ ਉਸ ਵਿੱਚ ਹੁਣ ਸੰਗਤਾਂ ਵੀ ਆਪਣਾ ਹਿੱਸਾ ਪਾ ਸਕਣਗੀਆਂ ਅਤੇ ਇਹ ਗੁਰਦੁਆਰਾ ਸਾਹਿਬ ਵਿਸਾਖੀ ਤੱਕ ਬਣ ਕੇ ਮੁਕੰਮਲ ਤਿਆਰ ਹੋ ਜਾਵੇਗਾ| ਇਸ ਮੌਕੇ ਮੰਚ ਸੰਚਾਲਕ ਫੂਲਰਾਜ ਸਿੰਘ ਨੇ ਇਹ ਵੀ ਐਲਾਨ ਕੀਤਾ ਕਿ ਜਿਉਂ ਹੀ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਵੇਗਾ ਤਾਂ ਨਿਸ਼ਾਨ ਸਾਹਿਬ ਝੁਲਾ ਦਿੱਤਾ ਜਾਵੇਗਾ| ਸਮਾਗਮ ਦੌਰਾਨ ਡਾ. ਧਰਮਿੰਦਰ ਸਿੰਘ ਸਰਜਨ ਅਤੇ ਡਾ. ਪਰਮਿੰਦਰ ਕੌਰ ਗਾਇਨੀ ਸਪੈਸ਼ਲਿਸਟ ਵਲੋਂ ਵਿਸ਼ੇਸ਼ ਤੌਰ ਤੇ ਮੈਡੀਕਲ ਕੈਂਪ ਲਗਾ ਕੇ ਮਰੀਜਾਂ ਦੀ ਜਾਂਚ ਕੀਤੀ ਗਈ| ਇਸ ਮੌਕੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸਬੰਧੀ ਪ੍ਰਦਰਸ਼ਨੀ ਤਰਨਤਾਰਨ ਤੋਂ ਲਗਵਾਈ ਗਈ ਸੀ| ਇਸ ਮੌਕੇ ਲੋਕ ਭਲਾਈ ਜੱਥਾ, ਚੰਡੀਗੜ੍ਹ ਵਲੋਂ ਦਸਤਾਰਬੰਦੀ, ਖਾਲਸਾ ਟ੍ਰੈਫਿਕ ਲੋਕ ਜੱਥਾ ਵਲੋਂ ਆਵਾਜਾਈ ਅਤੇ ਨਿਸ਼ਕਾਮ ਜੋੜਾਘਰ ਸੇਵਕ ਜੱਥਾ ਫੇਜ਼ 1 ਵਲੋਂ ਜੋੜਾਘਰ ਦੀ ਸੇਵਾ ਨਿਭਾਈ ਗਈ|