ਓਨਾਵ ਗੈਂਗਰੇਪ ਪੀੜਤਾ ਨੂੰ ਪੈਟਰੋਲ ਸੁੱਟ ਕੇ ਜਿਉਂਦੇ ਸਾੜਿਆ, ਹਾਲਤ ਗੰਭੀਰ
ਓਨਾਵ – ਉੱਤਰ ਪ੍ਰਦੇਸ਼ ਦੇ ਓਨਾਵ ਵਿੱਚ ਬਿਹਾਰ ਥਾਣਾ ਖੇਤਰ ਦੇ ਇਕ ਪਿੰਡ ਵਿੱਚ ਰਹਿਣ ਵਾਲੇ ਗੈਂਗਰੇਪ ਪੀੜਤਾ ਨੂੰ ਅੱਜ ਸਵੇਰੇ 5 ਨੌਜਵਾਨਾਂ ਨੇ ਪੈਟਰੋਲ ਸੁੱਟ ਕੇ ਸਾੜ ਦਿੱਤਾ| ਪੀੜੀਤਾ ਦੇ ਪਿਤਾ ਦੀ ਸੂਚਨਾ ਤੇ ਪੁੱਜੀ ਪੁਲੀਸ ਨੇ ਪੀੜਤਾ ਨੂੰ ਜ਼ਿਲਾ ਹਸਪਤਾਲ ਪਹੁੰਚਾਇਆ| ਇੱਥੇ ਪੀੜਤਾ ਦੀ ਹਾਲਤ ਗੰਭੀਰ ਦੇਖ ਕੇ ਲਖਨਊ ਰੈਫਰ ਕੀਤਾ ਗਿਆ ਹੈ| ਫਿਲਹਾਲ ਪੁਲੀਸ ਤਿੰਨ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਤੋਂ ਪੁੱਛ-ਗਿੱਛ ਕਰ ਰਹੀ ਹੈ| ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੀ ਜਨਰਲ ਪ੍ਰਿਯੰਕਾ ਗਾਂਧੀ ਨੇ ਯੋਗੀ ਸਰਕਾਰ ਤੇ ਹਮਲਾ ਬੋਲਿਆ ਹੈ|ਪੀੜਤਾ ਨੇ ਬਿਆਨ ਦਿੱਤਾ ਹੈ ਕਿ ਅੱਜ ਤੜਕੇ 4 ਵਜੇ ਉਹ ਰਾਏਬਰੇਲੀ ਜਾਣ ਲਈ ਟਰੇਨ ਫੜਨ ਬੈਸਵਾਰਾ ਬਿਹਾਰ ਰੇਲਵੇ ਸਟੇਸ਼ਨ ਜਾ ਰਹੀ ਸੀ| ਗੌਰਾ ਮੋੜ ਤੇ ਪਿੰਡ ਦੇ ਹਰਿਸ਼ੰਕਰ ਤ੍ਰਿਵੇਦੀ, ਕਿਸ਼ੋਰ ਸ਼ੁਭਮ, ਉਮੇਸ਼ ਨੇ ਉਸ ਨੂੰ ਘੇਰ ਲਿਆ ਅਤੇ ਸਿਰ ਤੇ ਡੰਡੇ ਨਾਲ ਅਤੇ ਗਲੇ ਤੇ ਚਾਕੂ ਨਾਲ ਵਾਰ ਕੀਤਾ| ਇਸ ਦੌਰਾਨ ਉਹ ਚੱਕਰ ਆਉਣ ਕਾਰਨ ਡਿੱਗੀ ਤਾਂ ਦੋਸ਼ੀਆਂ ਨੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ| ਜਿਕਰਯੋਗ ਹੈ ਕਿ ਇਸ ਕੇਸ ਦੀ ਜਾਂਚ ਰਾਏਬਰੇਲੀ ਪੁਲੀਸ ਨੇ ਕੀਤੀ ਸੀ| ਇਸ ਕੇਸ ਵਿੱਚ ਕੁਝ ਦੋਸ਼ੀ ਜੇਲ ਤੋਂ ਜ਼ਮਾਨਤ ਤੇ ਬਾਹਰ ਆਏ ਸਨ|ਰੌਲਾ ਪੈਣ ਤੇ ਭੀੜ ਨੂੰ ਆਉਂਦਾ ਦੇਖ ਦੋਸ਼ੀ ਦੌੜ ਗਏ| ਪੀੜਤਾ ਨੇ ਦੱਸਿਆ ਕਿ ਇਸੇ ਸਾਲ ਮਾਰਚ ਵਿੱਚ ਦੋਸ਼ੀਆਂ ਨੇ ਉਸ ਨਾਲ ਰੇਪ ਕੀਤਾ ਸੀ| ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਣ ਤੇ ਡੀ.ਐਮ. ਦਵਿੰਦਰ ਪਾਂਡੇ, ਐਸ.ਪੀ. ਵਿਕਰਾਂਤ ਵੀਰ ਸਮੇਤ ਕਈ ਥਾਣਿਆਂ ਦੀ ਪੁਲੀਸ ਫੋਰਸ ਮੌਕੇ ਤੇ ਪੁੱਜੀ| ਐਸ.ਪੀ. ਓਨਾਵ ਨੇ ਦੱਸਿਆ ਕਿ ਪੀੜਤਾ ਨੇ 5 ਦੋਸ਼ੀਆਂ ਦੇ ਨਾਂ ਲਏ ਹਨ| ਇਨ੍ਹਾਂ ਵਿੱਚੋਂ 3 ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ| ਹੋਰ 2 ਦੀ ਤਲਾਸ਼ ਜਾਰੀ ਹੈ| ਯੂ.ਪੀ. ਪੁਲੀਸ ਨੇ ਦਾਅਵਾ ਕੀਤਾ ਹੈ ਕਿ ਘਟਨਾ ਦੇ ਤੁਰੰਤ ਬਾਅਦ ਪੀੜਤਾ ਦੇ ਬਿਆਨ ਦੇ ਆਧਾਰ ਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਪੁਲੀਸ ਨੇ ਜਦੋਂ ਦੋਸ਼ੀਆਂ ਦੇ ਘਰ ਛਾਪੇ ਮਾਰੇ ਤਾਂ ਸਾਰੇ ਆਪਣੇ-ਆਪਣੇ ਘਰ ਪਰਿਵਾਰ ਵਾਲਿਆਂ ਦਰਮਿਆਨ ਮੌਜੂਦ ਮਿਲੇ| ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ| ਇਸ ਘਟਨਾ ਨਾਲ ਜੁੜੇ ਕੁਝ ਹੋਰ ਤੱਤ ਵੀ ਮਿਲੇ ਹਨ, ਜਿਨ੍ਹਾਂ ਦੀ ਪੁਲੀਸ ਜਾਂਚ ਕਰ ਰਹੀ ਹੈ|






