ਮਹਿਲਾਵਾਂ ਖ਼ਿਲਾਫ਼ ਅਪਰਾਧਾਂ ਨੇ ਸੋਚਣ ਲਈ ਮਜਬੂਰ ਕੀਤਾ: ਕੋਵਿੰਦ
ਨਵੀਂ ਦਿੱਲੀ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਵਿੱਚ ਮਹਿਲਾਵਾਂ ਖ਼ਿਲਾਫ਼ ਹਿੰਸਾ ਦੀਆਂ ਹਾਲੀਆ ਘਟਨਾਵਾਂ ਦੇ ਹਵਾਲੇ ਨਾਲ ਅੱਜ ਕਿਹਾ ਕਿ ਅਜਿਹੇ ਘ੍ਰਿਣਤ ਅਪਰਾਧ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਦੇ ਹਨ ਕਿ ਕੀ ਸਮਾਜ ਸਾਰਿਆਂ ਲਈ ਬਰਾਬਰ ਦੇ ਹੱਕਾਂ ਦੇ ਵਿਆਪਕ ਨਜ਼ਰੀਏ ’ਤੇ ਖਰਾ ਉਤਰਦਾ ਹੈ। ਸ੍ਰੀ ਕੋਵਿੰਦ ਮਨੁੱਖੀ ਅਧਿਕਾਰ ਦਿਹਾੜੇ ਮੌਕੇ ਇਥੇ ਵਿਗਿਆਨ ਭਵਨ ਵਿੱਚ ਕੌਮੀ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ (ਐੱਨਐੱਚਆਰਸੀ) ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਰਾਸ਼ਟਰਪਤੀ ਨੇ ਕਿਹਾ ਕਿ ਅਜਿਹੇ ਦਿਹਾੜੇ ਮਨਾਉਣ ਦਾ ਸਭ ਤੋਂ ਆਦਰਸ਼ ਤਰੀਕਾ ਇਹ ਹੈ ਕਿ ਕੁੱਲ ਆਲਮ, ਮਨੁੱਖੀ ਅਧਿਕਾਰਾਂ ਬਾਰੇ ਵਿਆਪਕ ਐਲਾਨਨਾਮੇ (ਯੂਡੀਐੱਚਆਰ) ਵਿੱਚਲੇ ‘ਮੁਕੱਦਸ ਵਿਸ਼ਾ-ਵਸਤੂ’ ਦੇ ਅਸਲ ਸੁਭਾਅ ਤੇ ਇਸ ਆਸੇ ’ਤੇ ਖਰਾ ਉਤਰਨ ਲਈ ਕੀਤੇ ਜਾਣ ਵਾਲੇ ਯਤਨਾਂ ਲਈ ‘ਅੰਤਰਝਾਤ’ ਮਾਰੇ। ਸ੍ਰੀ ਕੋਵਿੰਦ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਮਹਿਲਾਵਾਂ ਖ਼ਿਲਾਫ਼ ਹਿੰਸਾ ਦੀਆਂ ਹਾਲੀਆ ਘਟਨਾਵਾਂ ਵੱਲ ਸੰਕੇਤ ਕਰਦਿਆਂ ਮੰਗ ਕੀਤੀ ਕਿ ਸਰਕਾਰ/ਪ੍ਰਸ਼ਾਸਨ ਜਨਤਕ ਥਾਵਾਂ ’ਤੇ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਵੇ। ਉਨ੍ਹਾਂ ਮਹਾਤਮਾ ਗਾਂਧੀ ਦੇ ਬੋਲਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਾਸ਼ਟਰ ਪਿਤਾ ਨੇ ਕਿਹਾ ਸੀ ਕਿ ਮਨੁੱਖੀ ਅਧਿਕਾਰ ਤੇ ਫ਼ਰਜ਼ ਇੱਕੋ ਸਿੱਕੇ ਦੇ ਦੋ ਪਹਿਲੂ ਹਨ।






