ਰੋਹਿੰਗੀਆ ਨਸਲਕੁਸ਼ੀ: ਮਿਆਂਮਾਰ ਦਾ ਪੱਖ ਰੱਖਣ ਲਈ ਹੇਗ ਅਦਾਲਤ ਪਹੁੰਚੀ ਸੂ ਕੀ
ਨੋਬੇਲ ਪੁਰਸਕਾਰ ਜੇਤੂ ਆਂਗ ਸਾਂ ਸੂ ਕੀ ਰੋਹਿੰਗੀਆ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਸਬੰਧ ਵਿੱਚ ਮਿਆਂਮਾਰ ਦਾ ਪੱਖ ਰੱਖਣ ਲਈ ਸੰਯੁਕਤ ਰਾਸ਼ਟਰ ਦੀ ਸਿਖ਼ਰਲੀ ਅਦਾਲਤ ’ਚ ਪਹੁੰਚੀ। ਬਰਮਾ ਦੇ ਸਧਾਰਨ ਰਵਾਇਤੀ ਕੱਪੜਿਆਂ ਵਿੱਚ ਹੇਗ ’ਚ ਕੌਮਾਂਤਰੀ ਨਿਆਂ ਅਦਾਲਤ ਪਹੁੰਚੀ ਮਿਆਂਮਾਰ ਦੀ ਇਸ ਆਗੂ ਨੇ ਇਸ ਮੌਕੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਇਹ ਕੇਸ ਪੱਛਮੀ ਅਫ਼ਰੀਕਾ ਦੇ ਜਾਂਬੀਆ ਵੱਲੋਂ 2017 ਵਿੱਚ ਫ਼ੌਜ ਵੱਲੋਂ ਘੱਟ ਗਿਣਤੀ ਰੋਹਿੰਗੀਆ ਮੁਸਲਮਾਨਾਂ ਦੇ ਕੀਤੇ ਗਏ ਕਤਲੇਆਮ ਦੇ ਸਬੰਧ ਵਿੱਚ ਇਸ ਕੌਮਾਂਤਰੀ ਨਿਆਂਇਕ ਅਦਾਲਤ ਵਿੱਚ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂ ਕੀ ਦਾ ਨਾਂ ਵੀ ਇਕ ਵਾਰ ਤਾਂ ਨੈਲਸਨ ਮੰਡੇਲਾ ਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਵਾਂਗ ਲਿਆ ਜਾਣ ਲੱਗਿਆ ਸੀ ਪਰ ਰੋਹਿੰਗੀਆ ਮੁਸਲਮਾਨਾਂ ਦੇ ਹੋਏ ਕਤਲੇਆਮ ਦੇ ਸਬੰਧ ਵਿੱਚ ਉਸ ਦੀ ਚੁੱਪ ਅਤੇ ਕਿਸੇ ਸਮੇਂ ਉਸ ਨੂੰ ਘਰ ’ਚ ਨਜ਼ਰਬੰਦ ਕਰਨ ਵਾਲੇ ਜਰਨੈਲਾਂ ਦਾ ਉਸ ਵੱਲੋਂ ਹੀ ਸਮਰਥਨ ਕੀਤੇ ਜਾਣ ਕਾਰਨ ਉਸ ਦਾ ਕੌਮਾਂਤਰੀ ਅਕਸ ਕਾਫੀ ਪ੍ਰਭਾਵਿਤ ਹੋਇਆ। ਇਹ ਕੇਸ ਬੰਗਲਾਦੇਸ਼ ’ਚ ਵੀ ਦੇਖਿਆ ਜਾਵੇਗਾ ਜਿੱਥੇ ਕਿ ਮਿਆਂਮਾਰ ਦੇ ਉੱਤਰ-ਪੱਛਮੀ ਸੂਬੇ ਰਖਾਈਨ ਵਿੱਚ ਖ਼ੂਨੀ ਮੁਹਿੰਮ ਦੌਰਾਨ ਕਰੀਬ 7,40,000 ਰੋਹਿੰਗੀਆ ਮੁਸਲਮਾਨਾਂ ਨੂੰ ਦੌੜਨ ਲਈ ਮਜਬੂਰ ਹੋਣਾ ਪਿਆ ਸੀ।






