ਕ੍ਰਿਕਟ ਦਾ ਰੋਨਾਲਡੋ ਹੈ ਕੋਹਲੀ ਬਰਾਇਨ ਲਾਰਾ
ਵੈਸਟ ਇੰਡੀਜ਼ ਦੇ ਮਹਾਨ ਬੱਲੇਬਾਜ਼ ਬਰਾਇਨ ਲਾਰਾ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਖੇਡ ਪ੍ਰਤੀ ਆਪਣੇ ਜਜ਼ਬੇ ਦੇ ਮਾਮਲੇ ਵਿੱਚ ਸੁਪਰਸਟਾਰ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਵਾਂਗ ਹੈ, ਜਦਕਿ ਕੇਐੱਲ ਰਾਹੁਲ ਵੀ ਹੁਨਰ ਵਿੱਚ ਭਾਰਤੀ ਕਪਤਾਨ ਦੇ ਬਰਾਬਰ ਹੀ ਹੈ। ਲਾਰਾ ਨੇ ਕਿਹਾ ਕਿ ਬੱਲੇਬਾਜ਼ੀ ਨੂੰ ‘ਹੈਰਾਨੀਜਨਕ ਪੱਧਰ’ ਤੱਕ ਲਿਜਾਣ ਲਈ ਆਪਣੇ ਹੁਨਰ ਨੂੰ ਤਰਾਸ਼ਣ ਦੀ ਕੋਹਲੀ ਦੀ ਕਲਾ ਦਾ ਉਹ ਮੁਰੀਦ ਹੈ। ਉਸ ਨੇ ਕਿਹਾ, ‘‘ਇਹ ਵਿਰਾਟ ਦੀ ਤਿਆਰੀ ਤੋਂ ਇਲਾਵਾ ਕ੍ਰਿਕਟ ਪ੍ਰਤੀ ਉਸ ਦੇ ਅਸਾਧਾਰਾਨ ਜਜ਼ਬੇ ਦੀ ਵੀ ਗੱਲ ਹੈ। ਮੈਨੂੰ ਨਹੀਂ ਲਗਦਾ ਕਿ ਉਹ ਕੇਐੱਲ ਜਾਂ ਰੋਹਿਤ ਸ਼ਰਮਾ ਤੋਂ ਵੱਧ ਪ੍ਰਤਿਭਾਸ਼ਾਲੀ ਹੈ, ਪਰ ਖ਼ੁਦ ਨੂੰ ਤਿਆਰ ਕਰਨ ਲਈ ਉਸ ਦਾ ਜਜ਼ਬਾ ਉਸ ਨੂੰ ਵਖਰਿਆਉਂਦਾ ਹੈ। ਉਹ ਕ੍ਰਿਕਟ ਦਾ ਕ੍ਰਿਸਟਿਆਨੋ ਰੋਨਾਲਡੋ ਹੈ।’’ ਲਾਰਾ ਨੇ ਇੰਗਲੈਂਡ ਦੇ ਹਰਫ਼ਨਮੌਲਾ ਬੇਨ ਸਟੋਕਸ ਦੀ ਵੀ ਪ੍ਰਸ਼ੰਸਾ ਕੀਤੀ, ਜਿਸ ਨੇ ਵਿਸ਼ਵ ਕੱਪ ਅਤੇ ਐਸ਼ੇਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।






