ਸ਼੍ਰੋਮਣੀ ਅਕਾਲੀ ਦਲ ‘ਚ ਬੀਬੀਆਂ ਦੀ ਭੂਮਿਕਾ ਵਧੀ
ਪਾਰਟੀ ‘ਚ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਬੀਬੀ ਜਗੀਰ ਕੌਰ ਦਾ ਸਭ ਤੋਂ ਵੱਧ ਪ੍ਰਭਾਵ
ਜਲੰਧਰ – ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਤੀਸਰੀ ਵਾਰ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਵਿੱਚ ਇੱਕਦਮ ਤੇਜੀ ਆ ਗਈ ਹੈ। ਸ. ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਸ. ਸੁਖਬੀਰ ਸਿੰਘ ਬਾਦਲ ਪੰਜਾਬ ਦੇ ਸਭ ਤੋਂ ਵਧ ਪ੍ਰਭਾਵਸ਼ਾਲੀ ਸਿਆਸੀ ਨੇਤਾ ਵਜੋਂ ਉੱਭਰ ਚੁੱਕੇ ਹਨ। ਸ. ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਸਰਗਰਮੀ ਘਟਣ ਦੇ ਬਾਵਜੂਦ ਪਾਰਟੀ ਦਾ ਸਮੁੱਚਾ ਬੋਝ ਉਨ੍ਹਾਂ ਨੇ ਆਪਣੇ ਮੋਢਿਆਂ ਉੱਪਰ ਚੁੱਕ ਲਿਆ ਹੈ। ਵਿਰੋਧੀ ਸਿਆਸੀ ਪਾਰਟੀਆਂ ਵਿੱਚ ਉਨ੍ਹਾਂ ਦੇ ਮੁਕਾਬਲੇ ਦਾ ਕੋਈ ਆਗੂ ਨਹੀਂ ਹੈ। 2022 ਦੀਆਂ ਚੋਣਾਂ ਵਿੱਚ ਹੁਕਮਰਾਨ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਸ. ਸੁਖਬੀਰ ਸਿੰਘ ਬਾਦਲ ਹੀ ਹਨ। ਵੱਡੀ ਗੱਲ ਇਹ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਬੀਬੀਆਂ ਦੀ ਭੂਮਿਕਾ ਕਾਫੀ ਪ੍ਰਭਾਵਸ਼ਾਲੀ ਹੋ ਚੁੱਕੀ ਹੈ। ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ, ਇਸਤਰੀ ਅਕਾਲੀ ਦਲ ਦੇ ਮੁਖੀ ਬੀਬੀ ਜਗੀਰ ਕੌਰ ਸਭ ਤੋਂ ਪ੍ਰਭਾਵੀ ਅਕਾਲੀ ਆਗੂ ਬਣ ਗਈਆਂ ਹਨ। ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਵੱਡੀ ਸਫਲਤਾ ‘ਚ ਦੋਵਾਂ ਆਗੂਆਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਲਗਾਤਾਰ 13 ਦਿਨ ਤੱਕ ਚੱਲੇ ਇਨ੍ਹਾਂ ਸਮਾਗਮਾਂ ਵਿੱਚ 35 ਲੱਖ ਤੋਂ ਵਧ ਸੰਗਤ ਨੇ ਹਾਜ਼ਰੀ ਭਰੀ। ਇਹ ਸਮਾਗਮ ਪਿਛਲੀਆਂ ਮਨਾਈਆਂ ਗਈਆਂ ਸਾਰੀਆਂ ਸ਼ਤਾਬਦੀਆਂ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਰਿਹਾ। ਇਸ ਸਮਾਗਮ ਦੀ ਸਫਲਤਾ ਵਿੱਚ ਬੀਬਾ ਬਾਦਲ ਅਤੇ ਬੀਬੀ ਜਗੀਰ ਕੌਰ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ। ਬੀਬਾ ਬਾਦਲ ਨੇ ਕੇਂਦਰ ਸਰਕਾਰ ਨਾਲ ਜੁੜੇ ਮਾਮਲਿਆਂ ‘ਤੇ ਦਿਨ ਰਾਤ ਇੱਕ ਕੀਤਾ ਅਤੇ ਕਈ ਅਹਿਮ ਪ੍ਰੋਜੈਕਟ ਲੈ ਕੇ ਆਏ। ਰਾਸ਼ਟਰਪਤੀ ਅਤੇ ਦੂਸਰੇ ਵੱਡੇ ਨੇਤਾਵਾਂ ਦੀ ਇਸ ਮੌਕੇ ‘ਤੇ ਹਾਜ਼ਰੀ ਵੀ ਉਨ੍ਹਾਂ ਵੱਲੋਂ ਕੀਤੀ ਗਈ ਸਰਗਰਮੀ ਕਾਰਨ ਹੀ ਸੰਭਵ ਹੋ ਸਕੀ। ਸ਼ਹਿਰ ਦੀ ਸਾਫ ਸਫਾਈ ਵੱਲ ਉਨ੍ਹਾਂ ਨੇ ਵਿਸ਼ੇਸ਼ ਧਿਆਨ ਦਿੱਤਾ। ਉਹ ਕਈ ਦਿਨ ਲਗਾਤਾਰ ਸੁਲਤਾਨਪੁਰ ਲੋਧੀ ਵਿਖੇ ਪਧਾਰਦੇ ਰਹੇ। ਉਨ੍ਹਾਂ ਨੇ ਇਸ ਸਮਾਗਮ ਦੀ ਸਫਲਤਾ ਲਈ ਬਹੁਤ ਕਠਿਨ ਮਿਹਨਤ ਕੀਤੀ। ਦੂਸਰੇ ਪਾਸੇ ਬੀਬੀ ਜਗੀਰ ਕੌਰ ਵੱਲੋਂ ਸੰਗਤਾਂ ਦੀ ਵੱਡੀ ਗਿਣਤੀ ਵਿੱਚ ਹਾਜ਼ਰੀ ਯਕੀਨੀ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ ਗਈ। ਉਨ੍ਹਾਂ ਦੇ ਯਤਨਾਂ ਨਾਲ ਇਸ ਮੌਕੇ ‘ਤੇ ਲੱਖਾਂ ਦੀ ਗਿਣਤੀ ਵਿੱਚ ਬੀਬੀਆਂ ਅਤੇ ਬੱਚਿਆਂ ਨੇ ਹਾਜ਼ਰੀ ਭਰੀ। ਸਟੇਜ ਦੀ ਕਾਰਵਾਈ ਨੂੰ ਵੀ ਉਨ੍ਹਾਂ ਵੱਲੋਂ ਸੁਚੱਜੇ ਤਰੀਕੇ ਨਾਲ ਵਿਉਂਤਿਆ ਗਿਆ। ਆਪਣਾ ਕਰਮ ਖੇਤਰ ਹੋਣ ਕਾਰਨ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਵਲੰਟੀਅਰਾਂ ਨੂੰ ਇਸ ਮੌਕੇ ‘ਤੇ ਲਗਾਤਾਰ ਸਰਗਰਮ ਰੱਖਿਆ। ਧਾਰਮਿਕ ਮਰਿਆਦਾ ਦੀ ਪਾਲਣਾ ਲਈ ਵੀ ਉਨ੍ਹਾਂ ਦੇ ਯਤਨ ਬਹੁਤ ਸ਼ਲਾਘਾਯੋਗ ਰਹੇ। ਸੁਲਤਾਨਪੁਰ ਲੋਧੀ ਸਮਾਗਮਾਂ ਦੀ ਸਫਲਤਾ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਲਾਭ ਮਿਲਦਾ ਦਿਸ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇਸ ਮੌਕੇ ‘ਤੇ ਸਮਾਗਮ ਦੌਰਾਨ ਅਕਾਲੀ ਦਲ ਵੱਲੋਂ ਕਿਸੇ ਤਰ੍ਹਾਂ ਦੀ ਰਾਜਨੀਤੀ ਨਹੀਂ ਕੀਤੀ ਗਈ। ਸਾਰੀਆਂ ਸਿਆਸੀ ਧਿਰਾਂ ਨੂੰ ਬਰਾਬਰ ਮਾਣ ਸਤਿਕਾਰ ਦਿੱਤਾ ਗਿਆ। ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਮੌਕੇ ‘ਤੇ ਖਾਸ ਤੌਰ ‘ਤੇ ਤਿਆਗ ਦਾ ਸਬੂਤ ਦਿੰਦੇ ਹੋਏ ਸਿਖਰਲੇ ਸਮਾਗਮ ਵਿੱਚ ਖੁਦ ਭਾਸ਼ਣ ਤੱਕ ਨਹੀਂ ਦਿੱਤਾ। ਸੁਲਤਾਨਪੁਰ ਲੋਧੀ ਸ਼ਤਾਬਦੀ ਸਮਾਗਮਾਂ ਦੀ ਸਫਲਤਾ ਨੇ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਬੀਬੀ ਜਗੀਰ ਕੌਰ ਦੀ ਅਕਾਲੀ ਦਲ ਵਿੱਚ ਭੂਮਿਕਾ ਨੂੰ ਹੋਰ ਅਹਿਮ ਬਣਾ ਦਿੱਤਾ ਹੈ। ਦੋਵਾਂ ਨੇਤਾਵਾਂ ਦੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਅਹਿਮ ਭੂਮਿਕਾ ਹੋਵੇਗੀ। ਦੋਵਾਂ ਦੇ ਯੋਗਦਾਨ ਕਾਰਨ ਹੀ ਅਕਾਲੀ ਦਲ ਨਵੀਂ ਸਿਆਸੀ ਅੰਗੜਾਈ ਭਰ ਰਿਹਾ ਹੈ। ਬੀਬੀ ਜਗੀਰ ਕੌਰ ਨੇ ਸੁਲਤਾਨਪੁਰ ਲੋਧੀ ਵਿਖੇ ਲਗਾਤਾਰ 3 ਮਹੀਨੇ ਕਮਾਨ ਸੰਭਾਲੀ ਰੱਖੀ। ਉਨ੍ਹਾਂ ਦੀ ਉੱਚੀ ਧਾਰਮਿਕ ਸਖਸ਼ੀਅਤ ਅਤੇ ਸਿੱਖ ਮਾਮਲਿਆਂ ‘ਤੇ ਡੂੰਘੀ ਪਕੜ ਕਾਰਨ ਹੀ ਪ੍ਰਕਾਸ਼ ਪੁਰਬ ਸਮਾਗਮ ਡੂੰਘਾ ਪ੍ਰਭਾਵ ਸਿਰਜਣ ‘ਚ ਸਫਲ ਰਹੇ। ਦੋਹਾਂ ਬੀਬੀਆਂ ਦੀ ਸੁਲਤਾਨਪੁਰ ਲੋਧੀ ਸਮਾਗਮਾਂ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਕਾਰਨ ਹੀ ਵਿਰੋਧੀਆਂ ਦੀ ਨੀਂਦ ਉੱਡੀ ਹੋਈ ਹੈ। ਇਸ ਕਾਰਨ ਹੀ ਕੁਝ ਸਿਆਸੀ ਧਿਰਾਂ ਅਤੇ ਮੀਡੀਆ ਦੇ ਇੱਕ ਹਿੱਸੇ ਵੱਲੋਂ ਦੋਹਾਂ ਬੀਬੀਆਂ ਦਰਮਿਆਨ ਸਬੰਧਾਂ ਦੇ ਤਣਾਅ ਦੀਆਂ ਝੂਠੀਆਂ ਖਬਰਾਂ ਫੈਲਾਈਆਂ ਗਈਆਂ। ਇਹ ਗੱਲ ਵੱਖਰੀ ਹੈ ਕਿ ਬੀਬੀ ਜਗੀਰ ਕੌਰ ਦਾ ਬਾਦਲ ਪਰਿਵਾਰ ਨਾਲ ਬਹੁਤ ਡੂੰਘਾ ਅਤੇ ਭਾਵੁਕ ਰਿਸ਼ਤਾ ਹੈ। ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਬਾਦਲ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਪਾਰਟੀ ਨੂੰ ਔਰਤ ਵਰਗ ਵਿੱਚ ਮਕਬੂਲ ਬਣਾਉਣ ਅਤੇ ਦੋਆਬੇ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਬੀਬੀ ਜਗੀਰ ਕੌਰ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ ਅਤੇ ਰਹੇਗੀ। ਦੋਵੇਂ ਬੀਬੀਆਂ ਆਪਸੀ ਤਾਲਮੇਲ ਅਤੇ ਸਹਿਯੋਗ ਨਾਲ ਅਕਾਲੀ ਦਲ ਨੂੰ ਹੋਰ ਵਧੇਰੇ ਮਜ਼ਬੂਤੀ ਅਤੇ ਉਚਾਈ ਪ੍ਰਦਾਨ ਕਰ ਸਕਦੀਆਂ ਹਨ।






