ਗੁਰਦੁਆਰਾ ਸ਼ਹੀਦ ਭਾਈ ਬਚਿੱਤਰ ਸਿੰਘ ਕੋਟਲਾ ਨਿਹੰਗ ਖਾਂ ਵਿਖੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲਗਵਾਈ ਹਾਜ਼ਰੀ
ਰੂਪਨਗਰ – ਗੁਰਦੁਆਰਾ ਸ਼ਹੀਦ ਭਾਈ ਬਚਿੱਤਰ ਸਿੰਘ ਕੋਟਲਾ ਨਿਹੰਗ ਖਾਂ ਵਿਖੇ ਸ਼ਹੀਦ ਭਾਈ ਬਚਿੱਤਰ ਸਿੰਘ ਦਾ ਸ਼ਹੀਦੀ ਸਾਲਾਨਾ ਮੇਲਾ ਮਨਾਇਆ ਗਿਆ, ਜਿਥੇ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਨੇ ਵੀ ਗੁਰੂ ਜੀ ਦੇ ਚਰਨਾ ‘ਚ ਅਪਣੀ ਹਾਜ਼ਰੀ ਲਗਵਾਈ ਅਤੇ ਮੱਥਾ ਟੇਕਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਇਲਾਕੇ ਦੀ ਪਹੁੰਚੀ ਸੰਗਤ ਨੂੰ ਸੰਬੋਧਨ ਕਰਦੇ ਹੋਏ, ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਜਦੋਂ ਦੇਸ਼ ਨੂੰ ਕੁਰਬਾਨੀਆਂ ਦੀ ਲੋੜ ਸੀ ਤਾਂ ਸਿੱਖ ਇਤਿਹਾਸ ਦੇ ਲੱਖਾਂ ਹੀ ਸ਼ਹੀਦਾਂ ਵਿਚੋਂ ਸ਼ਹੀਦ ਭਾਈ ਬਚਿੱਤਰ ਸਿੰਘ ਜੀ, ਜੋ ਕਿ ਹਿੰਮਤ ਤੇ ਦਲੇਰੀ ਵਾਲੇ ਗੁਰੂ ਦੇ ਸਿੱਖ ਸਨ। ਸਾਂਸਦ ਮਨੀਸ਼ ਤਿਵਾੜੀ ਨੇ ਦੱਸਿਆ ਕਿ ਜਦੋਂ ਦੁਸ਼ਮਣਾਂ ਦੀ ਫੌਜ ਦੀ ਕਿਧਰੇ ਪਾਸੇ ਨੂੰ ਪੇਸ਼ ਚੱਲੀ ਤਾਂ ਦੁਸ਼ਮਣ ਫੌਜ ਨੇ ਅਪਣੇ ਹਾਥੀਆਂ ਦੇ ਸੁੰਢ ਨੂੰ ਤੇਜ ਤਲਵਾਰਾਂ ਆਦਿ ਬੰਨ ਕੇ ਅਤੇ ਉਨ੍ਹਾਂ ਹੀ ਹਾਥੀਆਂ ਨੂੰ ਪਾਣੀ ਦੀ ਥਾਂ ਰੱਜਵੀਂ ਸ਼ਰਾਬ ਪਿਲਾ ਕੇ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਉਤੇ ਹਮਲਾ ਕਰਨ ਲਈ ਜੰਗ ਦੇ ਮੈਦਾਨ ਵਿਚ ਛੱਡ ਦਿੱਤਾ। ਜਿਸ ਨੂੰ ਦੇਖ ਕੇ ਗੁਰੂ ਦੀ ਫੌਜ ਹੈਰਾਨ ਤਾਂ ਹੋਈ ਪਰ ਉਸ ਤੋਂ ਪਹਿਲਾਂ ਹੀ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਨੇ ਅਪਣੀ ਜਾਨ ਨੂੰ ਤਲੀ ਤੇ ਰੱਖ ਕੇ ਸ਼ਰਾਬੀ ਹਾਥੀਆਂ ਵੱਲ ਅਪਣੇ ਘੋੜੇ ਨੂੰ ਦੌੜਾਇਆ ਅਤੇ ਸ਼ਰਾਬੀ ਹਾਥੀਆਂ ਨੂੰ ਇਕੱਲੇਆਂ ਹੀ ਜੰਗ ਦੇ ਮੈਦਾਨ ਵਿਚ ਢੇਹਢੇਰੀ ਕਰ ਦਿੱਤਾ। ਜਿਸ ਤੋਂ ਬਾਅਦ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕਰ ਲਈ ਸੀ। ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਸਾਡਾ ਸਿੱਖ ਇਤਿਹਾਸ ਨੂੰ ਫਰੋਲ ਕੇ ਤਾਂ ਦੇਖੋ ਹਰੇਕ ਪੰਨੇ ਉਤੇ ਸ਼ਹੀਦਾਂ ਦੇ ਨਾਮ ਹਨ। ਇਕ ਸਿੱਖ ਧਰਮ ਹੀ ਹੈ ਜਿਸ ਦੀਆਂ ਨੀਹਾਂ ਕੁਰਬਾਨੀਆਂ ਨਾਲ ਭਰੀਆਂ ਗਈਆਂ ਹਨ, ਜਿਸ ਦੀ ਬਦੌਲਤ ਅੱਜ ਦੇਸ਼ ਦੇ ਕੋਣੇ ਕੋਣੇ ਵਿਚ ਗੁਰੂ ਦਾ ਸਿੱਖ ਚਮਕ ਰਿਹਾ ਹੈ। ਸ਼੍ਰੀ ਤਿਵਾੜੀ ਨੇ ਕਿਹਾ ਕਿ ਅੱਜ ਨੇ ਨੌਜਵਾਨਾਂ ਨੂੰ ਸਿੱਖ ਇਤਿਹਾਸ ਪੜ ਕੇ ਉਸ ਉਤੇ ਅਮਲ ਕਰਨਾ ਬਹੁਤ ਜਰੂਰੀ ਹੈ ਅਤੇ ਉਨ੍ਹਾਂ ਦੇ ਦਰਸਾਏ ਗਏ ਰਸਤੇ ‘ਤੇ ਚਲਣ ਦੀ ਕੌਸ਼ਿਸ਼ ਕਰਨੀ ਵੀ ਜਰੂਰੀ ਹੈ। ਇਸ ਮੌਕੇ ‘ਤੇ ਲਾਰਜ ਇੰਡਸਟਰੀ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਪਵਨ ਦੀਵਾਨ, ਪ੍ਰਬੰਧਕ ਦੇ ਪ੍ਰਧਾਨ ਗੁਰਮੇਲ ਸਿੰਘ ਪਹਿਲਵਾਨ, ਮੀਤ ਪ੍ਰਧਾਨ ਰਣਜੀਤ ਸਿੰਘ, ਸਕੱਤਰ ਬਚਨ ਸਿੰਘ, ਲੰਗਰ ਕਮੇਟੀ ਪ੍ਰਧਾਨ ਸੰਤੋਖ ਸਿਘ, ਚੇਅਰਮੈਨ ਕੁਲਵੰਤ ਸਿੰਘ ਮਾਛੀਆ ਤੋਂ ਇਲਾਵਾ ਇਲਾਕੇ ਦੀ ਸੰਗਤ ਵੀ ਹਾਜਰ ਸੀ।






