ਪਾਕਿਸਤਾਨ ਲੜੀ ਜਿੱਤਣ ਤੋਂ ਤਿੰਨ ਵਿਕਟਾਂ ਦੂਰ
ਸ੍ਰੀਲੰਕਾਈ ਸਲਾਮੀ ਬੱਲੇਬਾਜ਼ ਓਸ਼ਾਦ ਫਰਨੈਂਡੋ ਨੇ ਸੈਂਕੜਾ ਜੜ ਕੇ ਪਾਕਿਸਤਾਨ ਦੀ ਅੱਜ ਦੂਜੇ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਵਿੱਚ ਜਿੱਤ ਦੀ ਉਡੀਕ ਲੰਮੀ ਕਰ ਦਿੱਤੀ, ਜਿਸ ਦੇ ਲਈ ਮੇਜ਼ਬਾਨ ਟੀਮ ਨੂੰ ਹੁਣ ਸਿਰਫ਼ ਤਿੰਨ ਵਿਕਟਾਂ ਦੀ ਲੋੜ ਹੈ।
ਪਾਕਿਸਤਾਨ ਨੇ ਸ੍ਰੀਲੰਕਾ ਨੂੰ ਜਿੱਤ ਲਈ 476 ਦੌੜਾਂ ਦਾ ਟੀਚਾ ਦਿੱਤਾ। ਸ੍ਰੀਲੰਕਾ ਨੇ ਇਸ ਦੇ ਜਵਾਬ ਵਿੱਚ 97 ਦੌੜਾਂ ’ਤੇ ਪੰਜ ਵਿਕਟਾਂ ਗੁਆ ਲਈਆਂ ਸਨ। ਇਸ ਮਗਰੋਂ ਓਸ਼ਾਦ ਅਤੇ ਨਿਰੋਸ਼ਨ ਡਿਕਵੇਲਾ ਨੇ ਛੇਵੀਂ ਵਿਕਟ ਲਈ 104 ਦੌੜਾਂ ਦੀ ਭਾਈਵਾਲੀ ਕੀਤੀ। ਦਿਨ ਦੇ ਆਖ਼ਰੀ ਤਿੰਨ ਓਵਰਾਂ ਵਿੱਚ ਡਿਕਵੇਲਾ ਸਪਿੰਨਰ ਹੈਰਿਸ ਸੋਹੇਲ ਦੀ ਗੇਂਦ ਨੂੰ ਰਿਵਰਸ ਸਵੀਪ ਕਰਨ ਦੇ ਚੱਕਰ ਵਿੱਚ 65 ਦੌੜਾਂ ਬਣਾ ਕੇ ਆਊਟ ਹੋ ਗਿਆ। ਨਸੀਮ ਸ਼ਾਹ ਨੇ ਦਿਲਰੂਵਨ ਪਰੇਰਾ (ਪੰਜ ਦੌੜਾਂ) ਨੂੰ ਆਊਟ ਕੀਤਾ। ਨਸੀਮ ਨੇ 31 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਦਿਨ ਦੀ ਖੇਡ ਖ਼ਤਮ ਹੋਣ ਤੱਕ ਸ੍ਰੀਲੰਕਾ ਨੇ ਸੱਤ ਵਿਕਟਾਂ ’ਤੇ 212 ਦੌੜਾਂ ਬਣਾ ਲਈਆਂ ਸਨ।ਓਸ਼ਾਦ 102 ਦੌੜਾਂ ਬਣਾ ਕੇ ਕ੍ਰੀਜ਼ ’ਤੇ ਡਟਿਆ ਹੋਇਆ ਸੀ ਅਤੇ ਉਸ ਨੂੰ ਜਿੱਤ ਲਈ 264 ਦੌੜਾਂ ਚਾਹੀਦੀਆਂ ਹਨ, ਜੋ ਅਸੰਭਵ ਹਨ। ਪਾਕਿਸਤਾਨ ਨੂੰ ਲੜੀ ਜਿੱਤਣ ਲਈ ਸੋਮਵਾਰ ਨੂੰ ਸਿਰਫ਼ ਤਿੰਨ ਵਿਕਟਾਂ ਦੀ ਲੋੜ ਹੈ। ਉਸ ਦੀ ਸ੍ਰੀਲੰਕਾਈ ਟੀਮ ਉੱਤੇ ਸਾਲ 2009 ਵਿੱਚ ਹੋਏ ਹਮਲੇ ਮਗਰੋਂ ਘਰਲੇੂ ਮੈਦਾਨ ’ਤੇ ਪਹਿਲੀ ਲੜੀ ਹੈ। ਰਾਵਲਪਿੰਡੀ ਵਿੱਚ ਪਹਿਲਾ ਟੈਸਟ ਮੈਚ ਖ਼ਰਾਬ ਮੌਸਮ ਕਾਰਨ ਬੇਨਤੀਜਾ ਰਿਹਾ ਸੀ।ਕਪਤਾਨ ਅਜ਼ਹਰ ਅਲੀ ਅਤੇ ਬਾਬਰ ਆਜ਼ਮ ਦੇ ਸੈਂਕੜਿਆਂ ਦੀ ਮਦਦ ਨਾਲ ਪਾਕਿਸਤਾਨ ਨੇ ਸ੍ਰੀਲੰਕਾ ਸਾਹਮਣੇ ਜਿੱਤ ਲਈ 476 ਦੌੜਾਂ ਦਾ ਵੱਡਾ ਟੀਚਾ ਰੱਖਿਆ। ਅਜ਼ਹਰ ਨੇ 118 ਦੌੜਾਂ ਬਣਾ ਕੇ ਲੈਅ ਵਿੱਚ ਵਾਪਸੀ ਕੀਤੀ। ਇਹ ਉਸ ਦਾ 16ਵਾਂ ਟੈਸਟ ਸੈਂਕੜਾ ਹੈ। ਆਜ਼ਮ ਨੇ ਨਾਬਾਦ 100 ਦੌੜਾਂ ਬਣਾਈਆਂ, ਜਿਸ ਮਗਰੋਂ ਪਾਕਿਸਤਾਨ ਨੇ ਦੁਪਿਹਰ ਸਮੇਂ ਆਪਣੀ ਦੂਜੀ ਪਾਰੀ ਤਿੰਨ ਵਿਕਟਾਂ ’ਤੇ 555 ਦੌੜਾਂ ਬਣਾ ਕੇ ਐਲਾਨ ਦਿੱਤੀ। ਉਸ ਸਮੇਂ ਆਜ਼ਮ ਨਾਲ ਮੁਹੰਮਦ ਰਿਜ਼ਵਾਨ 21 ਦੌੜਾਂ ’ਤੇ ਖੇਡ ਰਿਹਾ ਸੀ। ਆਜ਼ਮ ਨੇ ਲੰਚ ਤੋਂ ਪਹਿਲਾਂ ਦੇ ਆਖ਼ਰੀ ਓਵਰ ਵਿੱਚ ਤੇਜ਼ੀ ਨਾਲ ਇੱਕ ਦੌੜ ਲੈ ਕੇ ਆਪਣਾ ਚੌਥਾ ਟੈਸਟ ਸੈਂਕੜਾ ਪੂਰਾ ਕੀਤਾ।






