ਬਠਿੰਡਾ ਏਮਜ਼ ‘ਚ ਓ.ਪੀ.ਡੀ. ਸੇਵਾਵਾਂ ਦੀ ਸ਼ੁਰੂਆਤ
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕੀਤਾ ਉਦਘਾਟਨ
ਬਠਿੰਡਾ – ਪੰਜਾਬ ‘ਚ ਅੱਜ ਤੋਂ ਆਲ ਇੰਡੀਆ ਮੈਡੀਕਲ ਆਫ਼ ਇੰਸਟੀਚਿਊਟ (ਏਮਜ਼) ਦੀਆਂ ਓ.ਪੀ.ਡੀ. ਸੇਵਾਵਾਂ ਦੀ ਸ਼ੁਰੂਆਤ ਹੋ ਗਈ ਹੈ। ਇਸ ਦੇ ਨਾਲ ਹੁਣ ਪੰਜਾਬ ਦੇ ਲੋਕਾਂ ਸਮੇਤ ਰਾਜਸਥਾਨ, ਹਰਿਆਣਾ ਤੇ ਹੋਰ ਰਾਜਾਂ ਦੇ ਲੋਕਾਂ ਨੂੰ ਵੀ ਏਮਜ਼ ਨਾਲ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਏਮਜ਼ ਦਾ ਉਦਘਾਟਨ ਕੀਤਾ। ਏਮਜ਼ ਦੀ ਓ.ਪੀ.ਡੀ. ਦਾ ਉਦਘਾਟਨ ਸ਼ਮ੍ਹਾਂ ਰੋਸ਼ਨ ਕਰਕੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਕੀਤਾ ਤੇ ਇਸ ਸਮੇਂ ਉਨ੍ਹਾਂ ਨਾਲ ਕੇਂਦਰੀ ਫੂਡ ਪ੍ਰੋਸੈਸਿੰਗ ਤੇ ਉਦਯੋਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਓ.ਪੀ. ਸੋਨੀ ਵੀ ਮੌਜੂਦ ਸਨ। ਡਾ. ਹਰਸ਼ ਵਰਧਨ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਏਮਜ਼ ਦੀ ਮੰਗ ਕੀਤੀ ਸੀ, ਏਮਜ਼ ਨੂੰ ਬਣਵਾਉਣ ਲਈ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਸ ਨੂੰ ਹਰੀ ਝੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਿਲਣ ਦੇ ਬਾਅਦ ਲਗਾਤਾਰ ਤਨਦੇਹੀ ਨਾਲ ਇਸ ਪ੍ਰਾਜੈਕਟ ਨੂੰ ਪੂਰਾ ਕਰਵਾਉਣ ਦੇ ਯਤਨ ਕੀਤੇ ਤੇ ਅੱਜ ਪੰਜਾਬ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਤਿਆਰ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਫਿਰੋਜ਼ਪੁਰ ‘ਚ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦੀ ਮੰਗ ‘ਤੇ ਗੱਲ ਕਰਦਿਆਂ 450 ਕਰੋੜ ਰੁਪਏ ਦੀ ਲਾਗਤ ਨਾਲ ਸੈਂਟਰ ਬਨਾਉਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 157 ਮੈਡੀਕਲ ਕਾਲਜ ਨਵੇਂ ਸਥਾਪਤ ਕੀਤੇ ਜਾ ਰਹੇ ਹਨ, ਜਦੋਂ ਕਿ 75 ਹੋਰ ਮੈਡੀਕਲ ਕਾਲਜ ਖੋਲ੍ਹੇ ਜਾਣਗੇ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਇਤਿਹਾਸਕ ਦਿਨ ਦੱਸਦਿਆਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਲੁਧਿਆਣੇ ਡੀ.ਐੱਮ.ਸੀ. ਜਾਂ ਚੰਡੀਗੜ੍ਹ ਇਲਾਜ ਲਈ ਜਾਣਾ ਪੈਂਦਾ ਸੀ, ਪਰ ਹੁਣ ਜ਼ਰੂਰਤ ਨਹੀਂ ਪਵੇਗੀ। ਇੱਥੇ 600 ਡਾਕਟਰ ਹੋਣਗੇ ਤੇ 10 ਰੁਪਏ ਪਰਚੀ ਨਾਲ ਇਲਾਜ ਹੋਵੇਗਾ। ਇਸ ਮੌਕੇ ਕੈਬਨਿਟ ਮੰਤਰੀ ਓ.ਪੀ. ਸੋਨੀ ਨੇ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ‘ਚ ਮੈਡੀਕਲ ਕਾਲਜ ਦੀ ਜ਼ਰੂਰਤ ਹੈ, ਉਹ ਦਿੱਤਾ ਜਾਵੇ। ਇਸ ਦੇ ਇਲਾਵਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੋਸ਼ਿਸ਼ ਸੀ ਕਿ ਏਮਜ਼ ਜਲਦ ਤੋਂ ਜਲਦ ਬਣ ਕੇ ਤਿਆਰ ਹੋ ਜਾਵੇ ਤੇ ਅੱਜ ਇਸ ਦੀਆਂ ਓ.ਪੀ.ਡੀ. ਸੇਵਾਵਾਂ ਸ਼ੁਰੂ ਹੋਣ ਨਾਲ ਉਸ ਦਾ ਇਹ ਸੁਪਨਾ ਪੂਰਾ ਹੋਇਆ ਹੈ। ਸਾਲ 2016 ‘ਚ ਇਸ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਸੀ। ਇਸ ਵਿੱਚ ਕਾਲਾ ਪੀਲੀਆ ਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ‘ਤੇ ਵੀ ਖੋਜ ਕੀਤੀ ਜਾਵੇਗੀ। ਇਸ ਮੌਕੇ ਭਾਰਤ ਸਰਕਾਰ ਜੁਆਇੰਟ ਸੈਕਟਰੀ ਸੁਨੀਲ ਸ਼ਰਮਾ, ਸਾਬਕਾ ਮੰਤਰੀ ਜਨਮੇਜ਼ ਸਿੰਘ ਸੇਖੋਂ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵੀ.ਸੀ. ਰਾਜ ਬਹਾਦਰ, ਪ੍ਰੋ. ਜਗਤ ਰਾਮ ਪੀ.ਜੀ.ਆਈ., ਸੂਬਾ ਸਕੱਤਰ ਭਾਜਪਾ ਦਿਆਲ ਸੋਢੀ, ਡਾ. ਸਮੀਰ ਅਗਰਵਾਲ ਤੇ ਹੋਰ ਮੌਜੂਦ ਸਨ।






