ਪਿੰਡ ਖੇੜੀ ਕਲਾਂ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ
ਨਵੇਂ ਸਾਲ ‘ਤੇ ਵਾਪਰੇ ਹਾਦਸੇ ਕਾਰਨ ਪਿੰਡ ‘ਚ ਸੰਨਾਟਾ
ਸ਼ੇਰਪੁਰ – ਪਿੰਡ ਖੇੜੀ ਕਲਾਂ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਯੁਵਕ ਸੇਵਾਵਾਂ ਕਲੱਬ ਖੇੜੀ ਕਲਾਂ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਬਿੰਦਾ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਮਨੀ (22) ਪੁੱਤਰ ਹਰਦੀਪ ਸਿੰਘ ਦੀਪਾ ਵਾਸੀ ਖੇੜੀ ਕਲਾਂ ਆਪਣੇ ਸਾਥੀ ਨਾਲ 1 ਜਨਵਰੀ ਨੂੰ ਸਵੇਰੇ ਗੰਨੇ ਦੇ ਭਰੇ ਟਰੈਕਟਰ ਟਰਾਲੀ ਤੇ ਬੈਠਾ ਸੁਨਾਮ ਵੱਲ ਜਾ ਰਿਹਾ ਸੀ ਕਿ ਅਚਾਨਕ ਟਰੈਕਟਰ ਤੋਂ ਹੇਠਾਂ ਸੜਕ ਤੇ ਡਿੱਗ ਗਿਆ ਜਿਸ ਕਰਕੇ ਉਸ ਦੀਆਂ ਲੱਤਾਂ ਤੋਂ ਟਾਇਰ ਲੰਘ ਜਾਣ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਦੀ ਮੌਤ ਹੋ ਗਈ। ਬਿੰਦਾ ਨੇ ਦੱਸਿਆ ਕਿ ਇਸ ਹਾਦਸੇ ਦੇ ਪੀੜਤ ਦੀ ਮਦਦ ਲਈ ਐਂਬੂਲੈਂਸ ਦੇ ਨਾ ਪੁੱਜਣ ਕਰਕੇ ਜ਼ਖ਼ਮੀ ਨੂੰ ਪ੍ਰਾਈਵੇਟ ਗੱਡੀ ਰਾਹੀਂ ਹਸਪਤਾਲ ਲਿਜਾਇਆ ਗਿਆ ਪਰ ਮੌਕੇ ਤੇ ਮੁਢਲੀ ਸਹੂਲਤ ਨਾ ਮਿਲਣ ਕਰਕੇ ਨੌਜਵਾਨ ਮਨਪ੍ਰੀਤ ਸਿੰਘ ਦਮ ਤੋੜ ਗਿਆ। ਨਵੇਂ ਸਾਲ ਦੇ ਪਹਿਲੇ ਦਿਨ ਹੀ ਵਾਪਰੀ ਇਸ ਘਟਨਾ ਨਾਲ ਪਿੰਡ ਵਿੱਚ ਸੰਨਾਟਾ ਅਤੇ ਇਲਾਕੇ ‘ ਚ ਸ਼ੋਕ ਦੀ ਲਹਿਰ ਫੈਲ ਗਈ। ਪਿੰਡ ਦੇ ਹੋਣਹਾਰ ਨੌਜਵਾਨ ਦੀ ਬੇਵਕਤੀ ਮੌਤ ਤੇ ਪਿੰਡ ਵਾਸੀਆਂ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਮ੍ਰਿਤਕ ਨੌਜਵਾਨ ਦਾ ਵੱਡਾ ਭਰਾ ਵਿਦੇਸ਼ ਗਿਆ ਹੈ।






