May 1, 2026
#ਦੇਸ਼ ਦੁਨੀਆਂ

ਆਸਟ੍ਰੇਲੀਆ ਦੇ ਜੰਗਲਾਂ ਵਿੱਚ ਅੱਗ ਲੱਗਣ ਕਾਰਨ ਵੱਡੀ ਗਿਣਤੀ ਵਿੱਚ ਜਾਨਵਰਾਂ ਦੀ ਮੌਤ

ਬ੍ਰਿਸਬੇਨ – ਆਸਟ੍ਰੇਲੀਆ ਦੇ ਸੰਘਣੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਕਾਰਨ ਉੱਥੇ ਦੇ ਜੰਗਲਾਂ ਵਿੱਚ ਰਹਿ ਰਹੇ ਜਿੱਥੇ ਕਰੋੜਾਂ ਜਾਨਵਰਾਂ ਦੀਆਂ ਜਾਨਾਂ ਚਲੇ ਗਈਆਂ ਹਨ, ਉੱਥੇ ਅੱਗ ਨਾਲ ਆਮ ਜਨਜੀਵਨ ਵੀ ਕਾਫੀ ਪ੍ਰਭਾਵਿਤ ਹੋਇਆ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਜੰਗਲਾਂ ਨੂੰ ਲੱਗੀ ਅੱਗ ਇੰਨੀ ਭਿਆਨਕ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਅੱਗ ਤੇ ਕਾਬੂ ਪਾਉਣ ਲਈ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਦੇ ਤਿੰਨ ਕਰਚਮਾਰੀ ਵੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਝੁਲਸ ਗਏ| ਆਸਟ੍ਰੇਲੀਆ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਪਿਛਲੇ ਕਈ ਦਿਨਾਂ ਤੋਂ ਅੱਗ ਤੇ ਕਾਬੂ ਪਾਉਣ ਲਈ ਡਟੇ ਹਨ, ਜਿਨ੍ਹਾਂ ਦੀ ਮਦਦ ਲਈ ਕਈ ਸਮਾਜਸੇਵੀ ਵੀ ਅੱਗੇ ਆਏ ਹਨ| ਮੌਕੇ ਤੇ ਹਾਜ਼ਰ ਫਾਇਰ ਬ੍ਰਿਗੇਡ ਅਧਿਕਾਰੀਆਂ ਅਨੁਸਾਰ ਸਾਊਥ ਆਸਟ੍ਰੇਲੀਆ ਦੇ ਕੇਂਗਰੂ ਆਇਰਲੈਂਡ ਵਿੱਚ ਦੋ ਵਿਅਕਤੀਆਂ ਦੀਆਂ ਜਾਨਾਂ ਬਚਾਉਣ ਵਿੱਚ ਉਹ ਅਫਸਫਲ ਰਹੇ, ਜਿਸ ਲਈ ਉਨ੍ਹਾਂ ਮੁਆਫੀ ਵੀ ਮੰਗੀ| ਦੋ ਵਿਅਕਤੀਆਂ ਦੀਆਂ ਲਾਸ਼ਾਂ ਪਲੇਅ ਫੋਰਡ ਹਾਈਵੇਅ ਪਾਰਨਦਾਨਾ ਵਿਖੇ ਮਿਲੀਆਂ ਸਨ | ਵਿਭਾਗ ਦੀ ਫੌਰੈਂਸਿਕ ਟੀਮ ਨੇ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਸੀ|ਸਾਊਥ ਆਸਟ੍ਰੇਲੀਅਨ ਦੇ ਪ੍ਰੀਮੀਅਰ ਮਾਨਯੋਗ ਸਟੀਵਨ ਮਾਰਸ਼ਲ ਨੇ ਵੀ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਨ| ਉਨ੍ਹਾਂ ਦੱਸਿਆ ਕਿ ਇਸ ਘਟਨਾ ਨਾਲ ਸੂਬੇ ਦੀ 10 ਹਜ਼ਾਰ ਹੈਕਟੇਅਰ ਏਕੜ ਵਿੱਚ ਬਣੀ ਫਿਲੈਡਰਜ ਚੇਜ ਨੈਸ਼ਨਲ ਪਾਰਕ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਟੂਰਿਜ਼ਮ ਵਿਭਾਗ ਨੂੰ ਕਾਫੀ ਹੰਭਲਾ ਮਾਰਨ ਦੀ ਲੋੜ ਹੈ|