May 10, 2026
#ਖੇਡਾਂ

ਟੀ-20 ਵਿਸ਼ਵ ਕੱਪ ਹਰਮਨਪ੍ਰੀਤ ਨੂੰ ਸੌਂਪੀ ਕਮਾਨ

ਭਾਰਤ ਨੇ 21 ਫਰਵਰੀ ਤੋਂ ਆਸਟਰੇਲੀਆ ਵਿੱਚ ਸ਼ੁਰੂ ਹੋਣ ਵਾਲੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਲਈ ਅੱਜ ਟੀਮ ਦਾ ਐਲਾਨ ਕਰ ਦਿੱਤਾ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਇਸ ਟੀਮ ਵਿੱਚ ਬੰਗਾਲ ਦੀ ਬੱਲੇਬਾਜ਼ ਰਿਚਾ ਘੋਸ਼ ਇਕਲੌਤਾ ਨਵਾਂ ਚਿਹਰਾ ਹੈ। ਟੀਮ ਵਿੱਚ ਹੋਰ ਕਿਸੇ ਨਵੇਂ ਚਿਹਰੇ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੀ 15 ਸਾਲ ਦੀ ਵਿਦਿਆਰਥਣ ਸ਼ੈਫਾਲੀ ਵਰਮਾ ਵੀ ਆਪਣੇ ਪਹਿਲੇ ਸੈਸ਼ਨ ਵਿੱਚ ਕੌਮਾਂਤਰੀ ਪੱਧਰ ’ਤੇ ਕੁੱਝ ਚੰਗੇ ਪ੍ਰਦਰਸ਼ਨ ਮਗਰੋਂ ਪਹਿਲੇ ਆਲਮੀ ਟੂਰਨਾਮੈਂਟ ਵਿੱਚ ਹਿੱਸਾ ਲਵੇਗੀ। ਰਿਚਾ ਨੂੰ ਹਾਲ ਹੀ ਵਿੱਚ ਮਹਿਲਾ ਚੈਲੇਂਜਰ ਟਰਾਫ਼ੀ ਵਿੱਚ ਉਸ ਦੇ ਚੰਗੇ ਪ੍ਰਦਰਸ਼ਨ ਦਾ ਫ਼ਾਇਦਾ ਮਿਲਿਆ, ਜਿਸ ਨੇ 26 ਗੇਂਦਾਂ ਵਿੱਚ ਚਾਰ ਚੌਕੇ ਅਤੇ ਇੱਕ ਛੱਕੇ ਨਾਲ 36 ਦੌੜਾਂ ਬਣਾਈਆਂ ਸਨ।ਮਹਿਲਾ ਚੋਣ ਕਮੇਟੀ ਦੀ ਪ੍ਰਧਾਨ ਹੇਮਲਤਾ ਕਾਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ, ‘‘ਵੇਖੋ, ਬੀਤੇ ਇੱਕ ਸਾਲ ਵਿੱਚ ਅਸੀਂ 5-6 ਖਿਡਾਰਨਾਂ ਨੂੰ ਪਹਿਲੀ ਵਾਰ ਮੌਕਾ ਦਿੱਤਾ। ਇਸ ਤੋਂ ਪਹਿਲਾਂ ਇੱਕ ਹੀ ਟੀਮ ਖੇਡਦੀ ਹੁੰਦੀ ਸੀ, ਪਰ 2017 ਇੱਕ ਰੋਜ਼ਾ ਵਿਸ਼ਵ ਕੱਪ ਮਗਰੋਂ ਕਾਫ਼ੀ ਨਵੀਆਂ ਖਿਡਾਰਨਾਂ ਆਈਆਂ ਹਨ।’’ਉਸ ਨੇ ਕਿਹਾ, ‘‘ਰਿਚਾ ਘੋਸ਼ ਨਵੀਂ ਖਿਡਾਰਨ ਹੈ ਅਤੇ ਇੱਥੇ ਚੋਣਕਾਰਾਂ ਦੀ ਭੂਮਿਕਾ ਵਧ ਜਾਂਦੀ ਹੈ।’’ ਚੋਣਕਾਰਾਂ ਨੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਸਟਰੇਲੀਆ ਵਿੱਚ ਹੋਣ ਵਾਲੀ ਤਿਕੋਣੀ ਲੜੀ ਲਈ ਵੀ ਟੀਮ ਦਾ ਐਲਾਨ ਕੀਤਾ, ਜਿਸ ਵਿੱਚ ਨੁਜ਼ਹਤ ਪਰਵੀਨ ਨੂੰ 16ਵੇਂ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਇਹ ਟੂਰਨਾਮੈਂਟ 31 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਵਿੱਚ ਤੀਜੀ ਟੀਮ ਇੰਗਲੈਂਡ ਹੈ।ਕਪਤਾਨ ਹਰਮਨਪ੍ਰੀਤ ਨੂੰ ਲਗਦਾ ਹੈ ਕਿ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਤਿਕੋਣੀ ਲੜੀ ਖੇਡਣਾ ਟੀਮ ਲਈ ਫ਼ਾਇਦੇਮੰਦ ਹੋਵੇਗਾ। ਉਸ ਨੇ ਕਿਹਾ, ‘‘ਵਿਸ਼ਵ ਕੱਪ ਤੋਂ ਪਹਿਲਾਂ, ਇਹ ਲੜੀ ਸਾਡੇ ਲਈ ਵੱਡੀ ਹੋਣ ਵਾਲੀ ਹੈ ਅਤੇ ਅਸੀਂ ਆਪਣੇ ਸਰਵੋਤਮ ਵੰਨ-ਸੁਵੰਨੇ ਖਿਡਾਰੀਆਂ ਨੂੰ ਉਤਾਰਨਾ ਚਾਹਾਂਗੇ ਅਤੇ ਇਸ ਨਾਲ ਨਵੀਆਂ ਖਿਡਾਰਨਾਂ ਨੂੰ ਵੀ ਮੌਕਾ ਮਿਲੇਗਾ।’’ ਉਸ ਨੇ ਕਿਹਾ ਕਿ ਕੋਚ ਡਬਲਯੂ ਵੀ ਰਮਨ ਦੀ ਮੌਜੂਦਗੀ ਨਾਲ ਟੀਮ ਨੂੰ ਕਾਫ਼ੀ ਮਦਦ ਮਿਲੀ ਹੈ। ਉਸ ਨੇ ਕਿਹਾ, ‘‘ਉਹ ਕਾਫ਼ੀ ਮਾਹਿਰ ਕ੍ਰਿਕਟਰ ਹਨ ਅਤੇ ਸਾਨੂੰ ਕੋਚਿੰਗ ਦੇ ਰਹੇ ਹਨ। ਉਹ ਹਮੇਸ਼ਾ ਸਾਡੀ ਮਦਦ ਕਰਦੇ ਹਨ ਕਿ ਦਬਾਅ ਵਰਗੇ ਹਾਲਾਤ ਵਿੱਚ ਆਪਣੇ ਆਪ ’ਤੇ ਕਿਵੇਂ ਕਾਬੂ ਪਾਉਣਾ ਹੈ ਅਤੇ ਇੱਕ-ਦੂਜੇ ਦੀ ਸਹਾਇਤਾ ਕਿਵੇਂ ਕਰਨੀ ਹੈ। ਉਹ ਸਾਡੇ ਲਈ ਬਿਹਤਰੀਨ ਕੰਮ ਕਰ ਰਹੇ ਹਨ। ਉਸ ਦੇ ਤਜਰਬੇ ਤੋਂ ਵਿਸ਼ਵ ਕੱਪ ਵਿੱਚ ਮਦਦ ਮਿਲੇਗੀ।’’