May 10, 2026
#ਭਾਰਤ

ਸੀਏਏ ਨੇ ਪਾਕਿ ਦਾ ਅਸਲ ਚਿਹਰਾ ਸਾਹਮਣੇ ਲਿਆਂਦਾ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦਾ ਮਜ਼ਬੂਤੀ ਨਾਲ ਬਚਾਅ ਕਰਦਿਆਂ ਅੱਜ ਕਿਹਾ ਕਿ ਇਸ ਨਾਲ ਪੈਦਾ ਹੋਏ ਵਿਵਾਦ ਨੇ ਕੁੱਲ ਆਲਮ ਨੂੰ ਪਾਕਿਸਤਾਨ ’ਚ ਧਾਰਮਿਕ ਘੱਟ ਗਿਣਤੀਆਂ ਨਾਲ ਕੀਤੀ ਜਾਂਦੀਆਂ ਵਧੀਕੀਆਂ ਦੀ ਹਕੀਕਤ ਦਿਖਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ‘ਸੀਏਏ’ ਦੇ ਨਾਂ ’ਤੇ ਗੁੰਮਰਾਹ ਕੀਤਾ ਜਾ ਰਿਹੈ ਜਦੋਂਕਿ ਇਸ ਐਕਟ ਦਾ ਅਸਲ ਮੰਤਵ ਕਿਸੇ ਦੀ ਨਾਗਰਿਕਤਾ ਖੋਹਣਾ ਨਹੀਂ ਬਲਕਿ ਦੇਣਾ ਹੈ। ਸ੍ਰੀ ਮੋਦੀ ਨੇ ਪੱਛਮੀ ਬੰਗਾਲ ’ਚ ਸਰਕਾਰੀ ਸਕੀਮਾਂ ਨਾ ਲਾਗੂ ਕਰਨ ਲਈ ਮਮਤਾ ਬੈਨਰਜੀ ਸਰਕਾਰ ਨੂੰ ਵੀ ਭੰਡਿਆ। ਉਨ੍ਹਾਂ ਕਿਹਾ ਕਿ ਸਰਕਾਰੀ ਸਕੀਮਾਂ ਦਾ ਪੈਸਾ ਸਿੱਧਾ ਖਾਤਿਆਂ ’ਚ ਜਾਂਦਾ ਹੈ ਤੇ ਸੂਬਾ ਸਰਕਾਰ ਦੇ ‘ਸਿੰਡੀਕੇਟਾਂ’ ਨੂੰ ਹੁਣ ਸਰਕਾਰੀ ਸਕੀਮਾਂ ਤੋਂ ਕਥਿਤ ‘ਪੈਸਾ ਖਾਣ’ ਦਾ ਮੌਕਾ ਨਹੀਂ ਮਿਲਦਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੋਲਕਾਤਾ ਪੋਰਟ ਟਰੱਸਟ ਦਾ ਨਾਮ ਬਦਲ ਕੇ ਜਨ ਸੰਘ ਦੇ ਬਾਨੀ ਸ਼ਿਆਮਾ ਪ੍ਰਸਾਦ ਮੁਕਰਜੀ ’ਤੇ ਨਾਮ ’ਤੇ ਰੱਖ ਦਿੱਤਾ। ਉਧਰ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਮੂਲੀਅਤ ਵਾਲੇ ਪੋਰਟ ਟਰੱਸਟ ਸਮਾਗਮ ’ਚੋਂ ਗੈਰਹਾਜ਼ਰ ਰਹੀ।ਇਥੇ ਰਾਮਕ੍ਰਿਸ਼ਨ ਮਿਸ਼ਨ ਦੇ ਹੈੱਡਕੁਆਰਟਰ ਬੇਲੂਰ ਮੱਠ ਵਿਖੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਜੇਕਰ ਅਸੀਂ ਨਾਗਰਿਕਤਾ ਕਾਨੂੰਨ ਨੂੰ ਨਾ ਸੋਧਦੇ ਤਾਂ ਸ਼ਾਇਦ ਇਹ ‘ਵਿਵਾਦ’ ਨਾ ਖੜ੍ਹਾ ਹੁੰਦਾ। ਵਿਵਾਦ ਖੜ੍ਹਾ ਹੋਣ ਨਾਲ ਵਿਸ਼ਵ ਨੂੰ ਪਾਕਿਸਤਾਨ ਵਿੱਚ ਘੱਟਗਿਣਤੀਆਂ ਨਾਲ ਹੁੰਦੀਆਂ ਧਾਰਮਿਕ ਵਧੀਕੀਆਂ ਬਾਰੇ ਪਤਾ ਲੱਗਾ ਹੈ। …ਕਿ ਕਿਵੇਂ ਮਨੁੱਖੀ ਹੱਕਾਂ ਦੀ ਉਲੰਘਣਾ ਹੁੰਦੀ ਹੈ। ਕਿਵੇਂ ਸਾਡੀਆਂ ਭੈਣਾਂ ਤੇ ਧੀਆਂ ਦੀਆਂ ਜ਼ਿੰਦਗੀਆਂ ਗਰਕ ਹੋ ਰਹੀਆਂ ਹਨ। ਇਹ ਸਾਡੀ ਪਹਿਲਕਦਮੀ ਦਾ ਹੀ ਨਤੀਜਾ ਹੈ ਕਿ ਪਾਕਿਸਤਾਨ ਨੂੰ ਘੱਟ ਗਿਣਤੀਆਂ ’ਤੇ ਕੀਤੇ ਜਾ ਰਹੇ ਤਸ਼ੱਦਦ ਦਾ ਜਵਾਬ ਦੇਣਾ ਪਿਆ ਹੈ।’ ਪ੍ਰਧਾਨ ਮੰਤਰੀ ਨੇ ਕਿਹਾ, ‘ਅੱਜ ਕੌਮੀ ਨੌਜਵਾਨ ਦਿਹਾੜੇ ਮੌਕੇ ਮੈਂ ਦੇਸ਼ ਦੇ ਨੌਜਵਾਨਾਂ, ਪੱਛਮੀ ਬੰਗਾਲ ਤੇ ਉੱਤਰ ਪੂਰਬ ਨੂੰ ਦੱਸਣਾ ਚਾਹਾਂਗਾ ਕਿ ਨਾਗਰਿਕਤਾ ਦੇਣ ਸਬੰਧੀ ਕਾਨੂੰਨ ਰਾਤੋ ਰਾਤ ਨਹੀਂ ਬਣਿਆ। ਕਿਸੇ ਵੀ ਧਰਮ ਜਾਂ ਕਿਸੇ ਵੀ ਮੁਲਕ ਨਾਲ ਸਬੰਧਤ ਵਿਅਕਤੀ, ਜੋ ਭਾਰਤ ਅਤੇ ਇਸ ਦੇ ਸੰਵਿਧਾਨ ’ਚ ਯਕੀਨ ਰੱਖਦਾ ਹੈ, ਲੋੜੀਂਦੇ ਅਮਲ ਨੂੰ ਪੂਰਾ ਕਰਕੇ ਭਾਰਤੀ ਨਾਗਰਿਕਤਾ ਲਈ ਅਪਲਾਈ ਕਰ ਸਕਦਾ ਹੈ।’ ਸ੍ਰੀ ਮੋਦੀ ਨੇ ਇਸ ਮੌਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਵੀ ਹਵਾਲਾ ਦਿੱਤਾ।ਉੱਤਰ ਪੂਰਬ ਵਿੱਚ ਸੀਏਏ ਵਿਰੋਧੀ ਪ੍ਰਦਰਸ਼ਨਾਂ ਦਾ ਹਵਾਲਾ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਖਿੱਤੇ ਦੇ ਲੋਕਾਂ ਦੀ ਵੱਖਰੀ ਪਛਾਣ ਤੇ ਸਭਿਆਚਾਰ ਦੀ ਸੁਰੱਖਿਆ ਲਈ ਸਰਕਾਰ ਹਰ ਕਦਮ ਚੁੱਕੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਨਵੇਂ ਕਾਨੂੰਨ ਨਾਲ ਉੱਤਰ ਪੂਰਬ ਦੇ ਲੋਕਾਂ ਦੇ ਹਿੱਤਾਂ ਨੂੰ ਕੋਈ ਨੁਕਸਾਨ ਨਹੀਂ ਪੁੱਜੇਗਾ। ਪ੍ਰਧਾਨ ਮੰਤਰੀ ਨੇ ਸਵਾਮੀ ਵਿਵੇਕਾਨੰਦ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ’ਤੇ ਸ਼ਰਧਾਂਜਲੀ ਵੀ ਦਿੱਤੀ।