ਆਈ. ਪੀ. ਐਲ. ਕਾਰਨ ਰਣਜੀ ਟਰਾਫੀ ਦੀ ਹੋਂਦ ਖਤਰੇ ਵਿੱਚ : ਸੁਨੀਲ ਗਾਵਸਕਰ
ਨਵੀਂ ਦਿੱਲੀ – ਭਾਰਤੀ ਘਰੇਲੂ ਕ੍ਰਿਕਟ ਪ੍ਰੋਗਰਾਮ ਤੇ ਟੀਮਾਂ ਦੇ ਕੌਮਾਂਤਰੀ ਦੌਰਿਆਂ ਸਬੰਧੀ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਜ਼ਬਰਦਸਤ ਨਾਰਾਜ਼ਗੀ ਪ੍ਰਗਟਾਈ ਹੈ| ਲਿਟਿਲ ਮਾਸਟਰ ਸੁਨੀਲ ਗਾਵਸਕਰ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਕਾਰਨ ਰਣਜੀ ਟਰਾਫੀ ਟੂਰਨਾਮੈਂਟ ਖਤਮ ਹੋ ਰਿਹਾ ਹੈ|ਜਿਕਰਯੋਗ ਹੈ ਕਿ ਇਸ ਸਮੇਂ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਸੀਨੀਅਰ ਟੀਮ ਨਿਊਜ਼ੀਲੈਂਡ ਦੇ ਦੌਰੇ ਤੇ ਹੈ| ਟੀਮ ਇੱਥੇ 5 ਮੈਚਾਂ ਦੀ ਟੀ20 ਸੀਰੀਜ਼, 2 ਮੈਚਾਂ ਦੀ ਵਨਡੇ ਸੀਰੀਜ਼ ਤੇ 2 ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਹੀ ਹੈ| ਇਸ ਤੋਂ ਇਲਾਵਾ ਭਾਰਤ ਏ ਟੀਮ ਵੀ ਨਿਊਜ਼ੀਲੈਂਡ ਦੇ ਦੌਰੇ ਤੇ ਹੈ| ਹਾਲਾਂਕਿ ਭਾਰਤ ਏ ਟੀਮ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ| ਇਸੇ ਸਮੇਂੇ ਰਣਜੀ ਟਰਾਫੀ ਵੀ ਕਰਵਾਈ ਜਾ ਰਹੀ ਹੈ ਤੇ 29 ਮਾਰਚ ਤੋਂ ਆਈ. ਪੀ. ਐਲ. ਵੀ ਸ਼ੁਰੂ ਹੋਵੇਗਾ| ਅਜਿਹੇ ਵਿਚ ਗਾਵਸਕਰ ਨੇ ਕ੍ਰਿਕਟ ਪ੍ਰੋਗਰਾਮ ਸਬੰਧੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ|ਸੁਨੀਲ ਗਾਵਸਕਰ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੇ ਸਵਾਲ ਉਠਾਉਂਦਿਆਂ ਕਿਹਾ- ਜਦੋਂ ਦੇਸ਼ ਵਿਚ ਰਣਜੀ ਟਰਾਫੀ ਖੇਡੀ ਜਾ ਰਹੀ ਹੈ ਤਾਂ ਬੋਰਡ ਨੂੰ ਭਾਰਤ ਏ ਟੀਮ ਦਾ ਨਿਊਜ਼ੀਲੈਂਡ ਦੌਰਾ ਨਹੀਂ ਰੱਖਣਾ ਚਾਹੀਦਾ ਸੀ| ਇਕ ਪਾਸੇ ਅੰਡਰ 19 ਟੀਮ ਵੀ ਵਿਸ਼ਵ ਕੱਪ ਲਈ ਦੇਸ਼ ਤੋਂ ਬਾਹਰ ਹੈ| ਦੇਸ਼ ਦੇ ਖਿਡਾਰੀ ਜਦੋਂ ਸੀਨੀਅਰ ਟੀਮ, ਭਾਰਤ ਏ ਟੀਮ ਤੇ ਅੰਡਰ 19 ਟੀਮਾਂ ਵਿੱਚ ਖੇਡ ਰਹੇ ਹਨ ਤਾਂ ਅਜਿਹੇ ਵਿਚ ਰਣਜੀ ਟਰਾਫੀ ਟੂਰਨਾਮੈਂਟ ਵਿੱਚ ਕੌਣ ਖਿਡਾਰੀ ਖੇਡੇਗਾ| ਗਾਵਸਕਰ ਨੇ ਬੀ. ਸੀ. ਸੀ. ਆਈ. ਦੇ ਨਾਲ ਹੀ ਫੈਡਰੇਸ਼ਨ ਆਫ ਇੰਟਰਨੈਸ਼ਨਲ ਕ੍ਰਿਕਟਰਜ਼ ਐਸੋਸੀਏਸ਼ਨ ਨੂੰ ਵੀ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ|






