ਭਾਰਤ ਨੇ ਨਿਊਜ਼ੀਲੈਂਡ ਵਿਚ ਇਤਿਹਾਸ ਰਚਿਆ
ਰੋਹਿਤ ਸ਼ਰਮਾ ਨੇ ਸੁਪਰ ਓਵਰ ਦੀਆਂ ਆਖ਼ਰੀ ਦੋ ਗੇਂਦਾਂ ’ਤੇ ਦੋ ਛੱਕੇ ਜੜ ਕੇ ਭਾਰਤ ਨੂੰ ਤੀਜੇ ਟੀ-20 ਮੈਚ ਵਿੱਚ ਅੱਜ ਦਿਲਚਸਪ ਜਿੱਤ ਦਿਵਾਈ। ਭਾਰਤ ਨੇ ਇਸ ਦੇ ਨਾਲ ਹੀ ਨਿਊਜ਼ੀਲੈਂਡ ਵਿੱਚ ਇਤਿਹਾਸ ਵੀ ਸਿਰਜ ਦਿੱਤਾ ਕਿਉਂਕਿ ਇਹ ਪਹਿਲਾ ਮੌਕਾ ਹੈ, ਜਦੋਂ ਉਸ ਨੇ ਨਿਊਜ਼ੀਲੈਂਡ ਵਿੱਚ ਪਹਿਲੀ ਟੀ-20 ਲੜੀ ਜਿੱਤੀ ਹੈ। ਹੁਣ ਭਾਰਤ ਪੰਜ ਮੈਚਾਂ ਦੀ ਲੜੀ ਵਿੱਚ 3-0 ਨਾਲ ਅੱਗੇ ਚੱਲ ਰਿਹਾ ਹੈ।‘ਮੈਨ ਆਫ ਦਿ ਮੈਚ’ ਬਣੇ ਰੋਹਿਤ ਸ਼ਰਮਾ ਨੇ ਆਖ਼ਰੀ ਦੋ ਗੇਂਦਾਂ ’ਤੇ ਛੱਕੇ ਜੜ ਕੇ ਨਿਊਜ਼ੀਲੈਂਡ ਨੂੰ ਵਿਸ਼ਵ ਕੱਪ 2019 ਦੇ ਫਾਈਨਲ ਦੀ ਯਾਦ ਤਾਜ਼ਾ ਕਰਵਾ ਦਿੱਤੀ, ਜਦੋਂ ਕਿਵੀ ਟੀਮ ਚੌਕੇ-ਛੱਕੇ ਦੇ ਆਧਾਰ ’ਤੇ ਪੱਛੜਣ ਕਾਰਨ ਖ਼ਿਤਾਬ ਗੁਆ ਬੈਠੀ ਸੀ।ਜਿੱਤ ਲਈ 180 ਦੌੜਾਂ ਦੇ ਟੀਚੇ ਦੇ ਬਿਲਕੁਲ ਨੇੜੇ ਪਹੁੰਚ ਚੁੱਕੀ ਨਿਊਜ਼ੀਲੈਂਡ ਟੀਮ ਨੂੰ ਆਖ਼ਰੀ ਓਵਰ ਵਿੱਚ ਮੁਹੰਮਦ ਸ਼ਮੀ ਨੇ 179 ਦੌੜਾਂ ’ਤੇ ਰੋਕ ਦਿੱਤਾ, ਜਿਸ ਕਾਰਨ ਮੈਚ ਸੁਪਰ ਓਵਰ ਤੱਕ ਖਿੱਚਿਆ ਗਿਆ। ਸ਼ਮੀ ਨੇ 20ਵੇਂ ਓਵਰ ਵਿੱਚ ਪਹਿਲਾਂ ਕੇਨ ਵਿਲੀਅਮਸਨ ਅਤੇ ਆਖ਼ਰੀ ਗੇਂਦ ’ਤੇ ਰੋਸ ਟੇਲਰ ਨੂੰ ਬੋਲਡ ਕਰਕੇ ਮੇਜ਼ਬਾਨ ਤੋਂ ਸ਼ਰਤੀਆ ਜਿੱਤ ਖੋਹ ਲਈ। ਜਸਪ੍ਰੀਤ ਬੁਮਰਾਹ ਦੇ ਪਾਏ ਸੁਪਰ ਓਵਰ ਵਿੱਚ ਕਿਵੀ ਕਪਤਾਨ ਵਿਲੀਅਮਸਨ ਨੇ ਇੱਕ ਛੱਕਾ ਅਤੇ ਇੱਕ ਚੌਕਾ, ਜਦਕਿ ਮਾਰਟਿਨ ਗੁਪਟਿਲ ਨੇ ਇੱਕ ਚੌਕਾ ਜੜਿਆ, ਜਿਸ ਨਾਲ ਮੇਜ਼ਬਾਨ ਨੇ 17 ਦੌੜਾਂ ਬਣਾਈਆਂ। ਭਾਰਤ ਵੱਲੋਂ ਰੋਹਿਤ ਸ਼ਰਮਾ ਅਤੇ ਕੇਐੱਲ ਰਾਹੁਲ ਉਤਰੇ, ਪਰ ਪਹਿਲੀਆਂ ਚਾਰ ਗੇਂਦਾਂ ਵਿੱਚ ਸਿਰਫ਼ ਅੱਠ ਦੌੜਾਂ ਬਣ ਸਕੀਆਂ। ਆਖ਼ਰੀ ਦੋ ਗੇਂਦਾਂ ’ਤੇ ਦਸ ਦੌੜਾਂ ਦੀ ਲੋੜ ਸੀ। ਰੋਹਿਤ ਨੇ ਟਿਮ ਸਾਊਦੀ ਦੀਆਂ ਗੇਂਦਾਂ ’ਤੇ ਦੋ ਅਸਮਾਨ ਛੂੰਹਦੇ ਛੱਕੇ ਜੜ ਕੇ ਭਾਰਤ ਨੂੰ ਜਿੱਤ ਦਿਵਾਈ।ਇਸ ਤੋਂ ਪਹਿਲਾ ਰੋਹਿਤ ਦੀਆਂ 40 ਗੇਂਦਾਂ ਵਿੱਚ 65 ਦੌੜਾਂ ਦੀ ਮਦਦ ਨਾਲ ਭਾਰਤ ਨੇ ਪੰਜ ਵਿਕਟਾਂ ਦੇ ਨੁਕਸਾਨ ਨਾਲ 179 ਦੌੜਾਂ ਬਣਾਈਆਂ ਸਨ। ਰੋਹਿਤ ਨੇ ਆਪਣੀ ਹਮਲਾਵਰ ਪਾਰੀ ਵਿੱਚ ਛੇ ਚੌਕੇ ਅਤੇ ਤਿੰਨ ਛੱਕੇ ਜੜੇ। ਉਸ ਨੇ ਕੇਐੱਲ ਰਾਹੁਲ (19 ਗੇਂਦਾਂ ਵਿੱਚ 27 ਦੌੜਾਂ) ਨਾਲ ਪਹਿਲੀ ਵਿਕਟ ਲਈ 87 ਦੌੜਾਂ ਜੋੜੀਆਂ। ਭਾਰਤ ਦੇ ਟੀਚੇ ਦੇ ਜਵਾਬ ਵਿੱਚ ਵਿਲੀਅਮਸਨ ਦੀਆਂ 48 ਗੇਂਦਾਂ ਵਿੱਚ 95 ਦੌੜਾਂ ਦੀ ਮਦਦ ਨਾਲ ਨਿਊਜ਼ੀਲੈਂਡ ਜਿੱਤ ਦੇ ਨੇੜੇ ਪਹੁੰਚ ਗਿਆ ਸੀ। ਸ਼ਮੀ ਨੇ ਵਿਲੀਅਮਸਨ ਨੂੰ ਮੈਚ ਦੇ ਆਖ਼ਰੀ ਓਵਰ ਦੀ ਤੀਜੀ ਗੇਂਦ ’ਤੇ ਵਿਕਟਕੀਪਰ ਰਾਹੁਲ ਹੱਥੋਂ ਕੈਚ ਕਰਵਾਇਆ। ਆਖ਼ਰੀ ਗੇਂਦ ’ਤੇ ਨਿਊਜ਼ੀਲੈਂਡ ਨੂੰ ਇੱਕ ਦੌੜ ਦੀ ਲੋੜ ਸੀ, ਪਰ ਇਸ ਓਵਰ ਦੀ ਪਹਿਲੀ ਗੇਂਦ ’ਤੇ ਛੱਕਾ ਜੜਨ ਵਾਲਾ ਟੇਲਰ ਬੋਲਡ ਹੋ ਗਿਆ। ਨਿਊਜ਼ੀਲੈਂਡ ਟੀਮ ਪੰਜ ਗੇਂਦਾਂ ’ਤੇ ਜਿੱਤ ਲਈ ਲੋੜੀਂਦੀਆਂ ਤਿੰਨ ਦੌੜਾਂ ਨਹੀਂ ਬਣਾ ਸਕੀ।






