May 24, 2026
#ਖੇਡਾਂ

ਚੌਥਾ ਟੀ-20 ਅੱਜ ਨਵੇਂ ਖਿਡਾਰੀਆਂ ਦੀ ਹੋਵੇਗੀ ਪਰਖ

ਲੜੀ ਵਿੱਚ ਜੇਤੂ ਲੀਡ ਬਣਾਉਣ ਮਗਰੋਂ ਭਾਰਤੀ ਕ੍ਰਿਕਟ ਟੀਮ ਵਿੱਚ ਸ਼ੁੱਕਰਵਾਰ ਨੂੰ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੇ ਚੌਥੇ ਟੀ-20 ਕੌਮਾਂਤਰੀ ਮੈਚ ’ਚ ਬਦਲਵੇਂ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ। ਮੇਜ਼ਬਾਨ ਟੀਮ ਨੂੰ ਪਿਛਲੇ ਮੈਚ ਵਿੱਚ ਦਿਲ ਤੋੜ ਦੇਣ ਵਾਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੁਹੰਮਦ ਸ਼ਮੀ ਦੇ ਬਿਹਤਰੀਨ ਆਖ਼ਰੀ ਓਵਰ ਅਤੇ ਰੋਹਿਤ ਸ਼ਰਮਾ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ ਸੁਪਰ ਓਵਰ ਵਿੱਚ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 3-0 ਦੀ ਲੀਡ ਬਣਾ ਲਈ। ਭਾਰਤ ਨੇ ਨਿਊਜ਼ੀਲੈਂਡ ਦੀ ਧਰਤੀ ’ਤੇ ਪਹਿਲੀ ਵਾਰ ਲੜੀ ਜਿੱਤੀ ਹੈ। ਦੋਵੇਂ ਟੀਮਾਂ ਵੀਰਵਾਰ ਨੂੰ ਸਫ਼ਰ ਕਰਕੇ ਹੈਮਿਲਟਨ ਤੋਂ ਵੈਲਿੰਗਟਨ ਪਹੁੰਚੀਆਂ, ਜਿੱਥੋਂ ਚੌਥਾ ਮੈਚ ਖੇਡਣ ਮਗਰੋਂ ਸ਼ਨਿੱਚਰਵਾਰ ਨੂੰ ਮਾਊਂਟ ਮੋਨਗਨੁਈ ਲਈ ਰਵਾਨਾ ਹੋਣਗੀਆਂ। ਉਥੇ ਐਤਵਾਰ ਨੂੰ ਪੰਜਵਾਂ ਅਤੇ ਆਖ਼ਰੀ ਟੀ-20 ਖੇਡਿਆ ਜਾਵੇਗਾ। ਇਸ ਤਰ੍ਹਾਂ ਦੋਵਾਂ ਟੀਮਾਂ ਨੂੰ ਨੈੱਟ ਅਭਿਆਸ ਲਈ ਸਮਾਂ ਨਹੀਂ ਮਿਲੇਗਾ।ਪੰਜ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਜ਼ਿਆਦਾ ਵੇਖਣ ਨੂੰ ਨਹੀਂ ਮਿਲਦੀ। ਹੁਣ ਦੋਵੇਂ ਟੀਮਾਂ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਵੇਖਦਿਆਂ ਬਾਕੀ ਬਚੇ ਦੋ ਮੈਚਾਂ ਵਿੱਚ ਸਾਰੀਆਂ ਸੰਭਾਵਨਾਵਾਂ ਨੂੰ ਪਰਖਣਾ ਚਾਹੁੰਦੀਆਂ ਹਨ। ਭਾਰਤੀ ਟੀਮ ਕੋਲ 5-0 ਨਾਲ ਹੂੰਝਾ ਫੇਰ ਕੇ ਇਤਿਹਾਸ ਰਚਣ ਦਾ ਮੌਕਾ ਹੈ। ਭਾਰਤ ਜੇਕਰ ਬਦਲਵੇਂ ਖਿਡਾਰੀਆਂ ’ਤੇ ਤਜਰਬਾ ਕਰਦਾ ਹੈ ਤਾਂ ਸੰਜੂ ਸੈਮਸਨ ਅਤੇ ਰਿਸ਼ਭ ਪੰਤ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਪੰਤ ਨੂੰ ਟੀਮ ਵਿੱਚ ਥਾਂ ਮਿਲਣ ਦੀ ਸੰਭਾਵਨਾ ਜ਼ਿਆਦਾ ਹੈ, ਪਰ ਉਸ ਦੀ ਚੋਣ ਇਸ ’ਤੇ ਨਿਰਭਰ ਕਰੇਗੀ ਕਿ ਕਿਸ ਬੱਲੇਬਾਜ਼ ਨੂੰ ਬਾਹਰ ਕੀਤਾ ਜਾਂਦਾ ਹੈ ਅਤੇ ਲੋਕੇਸ਼ ਰਾਹੁਲ ਵਿਕਟਕੀਪਿੰਗ ਜਾਰੀ ਰੱਖਦਾ ਹੈ ਜਾਂ ਨਹੀਂ। ਸਿਖਰਲੇ ਤਿੰਨ ਵਿੱਚ ਰੋਹਿਤ ਸ਼ਰਮਾ, ਰਾਹੁਲ ਅਤੇ ਕੋਹਲੀ ਦੀ ਟੀਮ ਵਿੱਚ ਥਾਂ ਪੱਕੀ ਹੈ, ਜਦਕਿ ਸ਼੍ਰੇਅਸ ਅਈਅਰ ਬਿਹਤਰੀਨ ਲੈਅ ਵਿੱਚ ਚੱਲ ਰਿਹਾ ਹੈ। ਮਨੀਸ਼ ਪਾਂਡੇ ਅਤੇ ਸ਼ਿਵਮ ਦੂਬੇ ਨੂੰ ਹੋਰ ਜ਼ਿਆਦਾ ਮੌਕੇ ਦੇਣ ਦੀ ਲੋੜ ਹੈ। ਅਗਲੇ ਦੋ ਮੈਚਾਂ ਵਿੱਚ ਜੇਕਰ ਇੱਕ-ਇੱਕ ਕਰਕੇ ਰੋਹਿਤ ਅਤੇ ਕੋਹਲੀ ਨੂੰ ਆਰਾਮ ਦਿੱਤਾ ਜਾਂਦਾ ਹੈ ਤਾਂ ਨਵੇਂ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ।