ਜ਼ਿਲ੍ਹੇ ‘ਚ ਕਿਧਰੇ ਨਹੀਂ ਹਨ ਟਿੱਡੀ ਦਲ ਦੇ ਬਾਲਗ : ਡੀ.ਸੀ. ਬਠਿੰਡਾ
ਪਿੰਡ ਪੱਧਰ ‘ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਕੀਤਾ ਜਾ ਰਿਹਾ ਜਾਗਰੂਕ
ਬਠਿੰਡਾ – ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਜ਼ਿਲ੍ਹੇ ਅੰਦਰ ਟਿੱਡੀ ਦਲ ਦੇ ਸੰਭਾਵੀ ਹਮਲੇ ਨੂੰ ਲੈ ਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਟਿੱਡੀ ਦਲ ਦੇ ਹਮਲੇ ਦੇ ਕੀਤੇ ਗਏ ਅਗਾਊਂ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਹਰ ਸਮੇਂ ਤਿਆਰ-ਬਰ-ਤਿਆਰ ਰਹਿਣ ਦੇ ਆਦੇਸ਼ ਵੀ ਦਿੱਤੇ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਦਿਨੀਂ ਜ਼ਿਲ੍ਹੇ ਅਧੀਨ ਪੈਂਦੇ ਬਲਾਕ ਸੰਗਤ ਦੇ 10 ਪਿੰਡਾਂ, ਬਲਾਕ ਬਠਿੰਡਾ ਦੇ 5 ਪਿੰਡਾਂ, ਬਲਾਕ ਮੌੜ ਦੇ 7 ਪਿੰਡਾਂ ਅਤੇ ਇਸ ਤੋਂ ਇਲਾਵਾ ਬਲਾਕ ਤਲਵੰਡੀ ਸਾਬੋ ਦੇ ਕੁੱਝ ਪਿੰਡਾਂ ਵਿੱਚ ਟਿੱਡੀ ਦਲ ਦੇ ਕੁੱਝ ਬਾਲਗ ਦੀ ਮੌਜੂਦਗੀ ਪਾਈ ਗਈ ਸੀ ਪਰ ਇਨ੍ਹਾਂ ਸਾਰੇ ਪਿੰਡਾਂ ਵਿੱਚ ਹੁਣ ਕੋਈ ਵੀ ਟਿੱਡੀ ਦੇ ਬਾਲਗ ਨਹੀਂ ਮਿਲ। ਸਪਰੇਅ ਕਰਨ ਦੀ ਸਥਿਤੀ ਉਦੋਂ ਆਉਂਦੀ ਹੈ ਜਦੋਂ ਕਿ ਘੱਟੋ-ਘੱਟ 4000 ਟਿੱਡੇ/ਏਕੜ/ਰਕਬੇ ਵਿੱਚ ਹੋਣ। ਖੇਤੀਬਾੜੀ ਵਿਭਾਗ ਵਲੋਂ ਜ਼ਿਲ੍ਹੇ ਅੰਦਰ ਟਿੱਡੀ ਦਲ ਦੇ ਖਾਤਮੇ ਲਈ ਕੀਤੇ ਗਏ ਅਗਾਊਂ ਪ੍ਰਬੰਧਾਂ ਬਾਰੇ ਮੁੱਖ ਖੇਤੀਬਾੜੀ ਅਫ਼ਸਰ ਗੁਰਾਦਿੱਤਾ ਸਿੰਘ ਸਿੱਧੂ ਨੇ ਦੱਸਿਆ ਟਿੱਡੀਆਂ ਦੀ ਘੱਟ ਗਿਣਤੀ ਨੂੰ ਕੰਟਰੋਲ ਕਰਨ ਲਈ ਇਨ੍ਹਾਂ ਨੂੰ ਫੜ ਕੇ ਲਿਫਾਫੇ ਜਾਂ ਡੱਬੇ ਵਿੱਚ ਬੰਦ ਕਰਨ, ਮਸਲ ਕੇ ਜਾਂ ਕੁੱਟ ਕੇ ਮਾਰਨ ਬਾਰੇ ਕਿਸਾਨਾਂ ਨੂੰ ਪਿੰਡ ਪੱਧਰ ‘ਤੇ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਦੀਆਂ ਰਿਪੋਰਟਾਂ ਮੁਤਾਬਿਕ ਪੰਛੀਆਂ ਜਿਵੇਂ ਕਿ ਬਗਲੇ ਅਤੇ ਗਟਾਰਾਂ ਆਦਿ ਦੁਆਰਾ ਟਿੱਡੀਆਂ ਦਾ ਆਸਾਨੀ ਨਾਲ ਖ਼ਾਤਮਾ ਹੁੰਦਾ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਿਸਾਨਾਂ ਨੂੰ ਟਿੱਡੀਆਂ ਦਾ ਝੁੰਡ ਦਿਖਾਈ ਦਿੰਦਾ ਹੈ ਤਾਂ ਉਸ ਉੱਪਰ ਕਲੋਰੋਪਾਇਰੀਫਾਸ 50 ਫੀਸਦੀ ਈ.ਸੀ. ਇੱਕ ਐਮ.ਐਲ. ਪ੍ਰਤੀ ਲੀਟਰ, ਕਲੋਰੋਪਾਇਰੀਫਾਸ 20 ਫੀਸਦੀ ਈ.ਸੀ. 2.5 ਐਮ.ਐਲ. ਪ੍ਰਤੀ ਲੀਟਰ, ਲੈਮਡਾਸਾਈਹੈਲੋਥਰਿਨ 5 ਫੀਸਦੀ ਈ.ਸੀ. ਇੱਕ ਐਮ.ਐਲ. ਪ੍ਰਤੀ ਲੀਟਰ ਅਤੇ ਡੈਲਟਾ ਮੈਥਰਿਨ 2.8 ਫ਼ੀਸਦੀ ਈ.ਸੀ. ਇੱਕ ਐਮ.ਐਲ. ਪ੍ਰਤੀ ਲੀਟਰ ਜ਼ਹਿਰਾਂ ਦਾ ਛਿੜਕਾਅ ਕਰਕੇ ਝੁੰਡ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਨੇ ਇਹ ਵੀ ਦੱਸਿਆ ਕਿ ਟਿੱਡੀ ਦਲ ਦੇ ਝੁੰਡ ਨੂੰ ਆਪਣੇ ਖੇਤਾਂ ਵਿੱਚ ਬੈਠਣ ਤੋਂ ਰੋਕਣ ਲਈ ਖਾਲੀ ਪੀਪੇ ਖੜਕਾਅ ਕੇ, ਰਾਤ ਨੂੰ ਅੱਗ ਦੀਆਂ ਮਸ਼ਾਲਾਂ ਆਦਿ ਜਲਾਉਣ ਤੋਂ ਇਲਾਵਾ, ਪਟਾਕੇ ਜਾਂ ਉੱਚੀ ਆਵਾਜ਼ ਵਿਚ ਸੰਗੀਤ ਚਲਾ ਕੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਇਹ ਝੁੰਡ ਫ਼ਸਲ ਜਾਂ ਖੇਤਾਂ ‘ਚ ਲੱਗੇ ਦਰੱਖਤਾਂ ‘ਤੇ ਨਾ ਬੈਠ ਕੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਕਰ ਸਕੇ। ਉਨ੍ਹਾਂ ਦੱਸਿਆ ਕਿ ਟਿੱਡੀਆਂ ਦੇ ਝੁੰਡ ਜ਼ਿਆਦਾਤਰ ਖਾਲੀ ਜ਼ਮੀਨਾਂ ਵਿੱਚ ਖੜੀਆਂ ਝਾੜੀਆਂ, ਖੇਤਾਂ ਵਿੱਚ ਖੜੇ ਦਰੱਖਤਾਂ ਅਤੇ ਬਾਗਾਂ ਆਦਿ ਵਿੱਚ ਜ਼ਿਆਦਾ ਮਿਲਣ ਦੀ ਸੰਭਾਵਨਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਕਿਸਾਨ ਬਲਾਕ ਸੰਗਤ ਦੇ ਖੇਤੀਬਾੜੀ ਅਫ਼ਸਰ ਡਾ. ਧਰਮਪਾਲ 88720-10037, ਬਲਾਕ ਰਾਮਪੁਰਾ ਦੇ ਸਹਾਇਕ ਕਪਾਹ ਵਿਸਥਾਰ ਅਫ਼ਸਰ ਡਾ. ਧਰਮਿੰਦਰਜੀਤ ਸਿੰਘ, 88720-10028, ਬਲਾਕ ਫੂਲ ਦੇ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ 88720-10029, ਬਲਾਕ ਮੌੜ ਅਤੇ ਤਲਵੰਡੀ ਸਾਬੋ ਡਾ. ਡੂੰਗਰ ਸਿੰਘ ਬਰਾੜ 97687-00006, ਬਲਾਕ ਬਠਿੰਡਾ ਦੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਕਰਨ ਸਿੰਘ 98142-23074 ਅਤੇ ਇਸ ਤੋਂ ਇਲਾਵਾ ਖੇਤੀਬਾੜੀ ਸੂਚਨਾ ਅਫ਼ਸਰ ਡਾ. ਗੁਰਤੇਜ ਸਿੰਘ 97796-38955 ਨਾਲ ਸੰਪਰਕ ਕੀਤਾ ਜਾ ਸਕਦਾ ਹੈ।






