May 5, 2026
#ਪੰਜਾਬ #ਪ੍ਰਮੁੱਖ ਖ਼ਬਰਾਂ

ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀਆਂ ਨੂੰ ਕਰਾਰਾ ਜਵਾਬ

ਅਪਰੈਲ 2017 ਤੋਂ ਹੁਣ ਤੱਕ 12 ਲੱਖ ਨੌਕਰੀਆਂ ਦਾ ਡਾਟਾ ਜਾਰੀ ਕੀਤਾ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਆਪਣੀ ਸਰਕਾਰ ਵੱਲੋਂ ਸੂਬੇ ਵਿੱਚ ਰੋਜ਼ਗਾਰ ਪੈਦਾ ਕਰਨ ਦੇ ਕੀਤੇ ਦਾਅਵਿਆਂ ਨੂੰ ਸਬੂਤਾਂ ਸਮੇਤ ਜਾਰੀ ਕਰਦਿਆਂ ਅਕਾਲੀਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਹੁਣ ਅਕਾਲੀ ਆਗੂ ਸੂਬੇ ਦੇ ਲੋਕਾਂ ਨੂੰ ਬੇਸ਼ਰਮੀ ਨਾਲ ਝੂਠ ਬੋਲ ਕੇ ਗੁੰਮਰਾਹ ਕਰਨ ਬਦਲੇ ਮੁਆਫੀ ਮੰਗਣ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਅਤੇ ਲੋਕਾਂ ਵੱਲੋਂ ਪੂਰੀ ਤਰ੍ਹਾਂ ਨਕਾਰੀ ਤੇ ਨਜ਼ਰਅੰਦਾਜ਼ ਕੀਤੀ ਉਸ ਦੀ ਪਾਰਟੀ ਦੇ ਸਾਥੀਆਂ ਨੂੰ ਭੋਰਾ ਪਤਾ ਨਹੀਂ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਕੀ ਵਾਪਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ (ਮੁੱਖ ਮੰਤਰੀ) ਵੱਲੋਂ ਕਹੇ ਹਰ ਸ਼ਬਦ ਉਤੇ ਪ੍ਰਤੀਕਿਰਿਆ ਦੇਣ ਲਈ ਅਕਾਲੀ ਆਗੂ ਇੰਨੇ ਉਤਾਰੂ ਤੇ ਬੜਬੋਲੇ ਰਹਿੰਦੇ ਹਨ ਕਿ ਉਹ ਅਸਲ ਤੱਥਾਂ ਨੂੰ ਦੇਖੇ ਬਿਨਾਂ ਹੀ ਆਪਣੀ ਬੇਲੋੜੀ ਤੇ ਬੇਬੁਨਿਆਦ ਬਿਆਨਬਾਜ਼ੀ ਸ਼ੁਰੂ ਕਰ ਦਿੰਦੇ ਹਨ। ਮੁੱਖ ਮੰਤਰੀ ਨੇ ਅੰਕੜਿਆਂ ਨਾਲ ਅਸਲ ਵੇਰਵੇ ਜਾਰੀ ਕਰਦਿਆਂ ਕਿਹਾ ਕਿ ਅਸਲ ਵਿੱਚ 1 ਅਪਰੈਲ 2017 ਤੋਂ ਹੁਣ ਤੱਕ ਰੋਜ਼ਗਾਰ ਦੇ ਪੈਦਾ ਕੀਤੇ ਮੌਕਿਆਂ ਦਾ ਡਾਟਾ 11 ਲੱਖ ਤੋਂ ਵੀ ਵੱਧ ਹੈ ਜਿਸ ਬਾਰੇ ਉਨ੍ਹਾਂ ਦਿੱਲੀ ਵਿੱਚ ਕਾਂਗਰਸੀ ਉਮੀਦਵਾਰ ਲਈ ਪ੍ਰਚਾਰ ਕਰਦਿਆਂ ਖੁਲਾਸਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਤੌਰ ਉਤੇ ਉਨ੍ਹਾਂ ਕੋਲ ਉਪਲੱਬਧ ਜਾਣਕਾਰੀ ਅਨੁਸਾਰ 1 ਅਪਰੈਲ 2017 ਤੋਂ 31 ਦਸੰਬਰ 2019 ਤੱਕ 57,905 ਸਰਕਾਰੀ ਨੌਕਰੀਆਂ ਪੈਦਾ ਕੀਤੀਆਂ ਜਦੋਂ ਕਿ 3,96,775 ਪ੍ਰਾਈਵੇਟ ਤੌਰ ਉਤੇ ਪਲੇਸਮੈਂਟ ਕਰਵਾਈ ਗਈ ਅਤੇ 7,61,289 ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਸਵੈ ਰੋਜ਼ਗਾਰ ਤਹਿਤ ਮੱਦਦ ਮੁਹੱਈਆ ਕਰਵਾਈ ਗਈ ਮੁੱਖ ਮੰਤਰੀ ਨੇ ਕਿਹਾ, ”ਸੁਖਬੀਰ ਅਤੇ ਉਸ ਦੇ ਸਾਥੀਆਂ ਨੂੰ ਮੈਂ ਦੱਸ ਦੇਵਾਂ ਕਿ ਉਕਤ ਕੁੱਲ ਵੇਰਵਿਆਂ ਦਾ ਜੋੜ 12,15,969 ਬਣਦਾ ਹੈ ਜੋ ਕਿ ਦਿੱਲੀ ਪ੍ਰਚਾਰ ਦੌਰਾਨ ਮੇਰੇ ਵੱਲੋਂ ਕਹੇ 11 ਲੱਖ ਦੇ ਅੰਕੜੇ ਤੋਂ ਵੀ ਵੱਧ ਹੈ।” ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਇਲਾਵਾ 20,21,568 ਘਰਾਂ ਨੂੰ ਮਗਨਰੇਗਾ ਸਕੀਮ ਤਹਿਤ ਰੋਜ਼ਗਾਰ ਦਿੱਤਾ ਗਿਆ ਜਿਸ ਤਹਿਤ 648.26 ਲੱਖ ਰੁਪਏ ਅਦਾ ਹੋਏ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਆਪਣੇ ਕਾਰਜਕਾਲ ਦੌਰਾਨ ਸੂਬੇ ਦੇ ਲੋਕਾਂ ਨਾਲ ਕੀਤੇ ਖਿਲਵਾੜ ਅਤੇ ਜ਼ਿਆਦਤੀਆਂ ਬਦਲੇ ਕੋਈ ਪਛਤਾਵਾ ਕਰਨ ਜਾਂ ਮੁਆਫੀ ਮੰਗਣ ਅਤੇ ਪਿਛਲੇ ਛੇ ਸਾਲਾਂ ਦੌਰਾਨ ਕੇਂਦਰ ਸਰਕਾਰ ਵਿੱਚ ਸੱਤਾ ਵਿੱਚ ਭਾਈਵਾਈ ਹੁੰਦਿਆਂ ਪੰਜਾਬ ਦੇ ਲੋਕਾਂ ਲਈ ਕੋਈ ਫਾਇਦਾ ਕਰਵਾ ਕੇ ਆਪਣੀ ਹਾਜ਼ਰੀ ਦਰਜ ਕਰਵਾਉਣ ਦੀ ਬਜਾਏ ਅਕਾਲੀ ਆਗੂ ਤਰਸਯੋਗ ਢੰਗ ਨਾਲ ਸਿਆਸੀ ਡਰਾਮੇ ਕਰਦੇ ਆ ਰਹੇ ਹਨ।