ਦਿੱਲੀ ਵਿੱਚ 1984 ਨੂੰ ਦੁਹਰਾਉਣ ਨਹੀਂ ਦਿੱਤਾ ਜਾ ਸਕਦਾ ਹਾਈ ਕੋਰਟ
ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਦਿੱਲੀ ਵਿੱਚ ਮੁੜ 1984 ਵਰਗੀ ਸਥਿਤੀ ਨਹੀਂ ਬਣਨ ਦਿਤੀ ਜਾਵੇਗੀ| ਉੱਤਰੀ-ਪੂਰਬੀ ਦਿੱਲੀ ਵਿੱਚ ਹਿੰਸਾ ਮਾਮਲੇ ਵਿੱਚ ਲੈ ਕੇ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਹਾਈ ਕੋਰਟ ਨੇ ਸਖਤ ਟਿੱਪਟੀ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਮੁੜ ‘1984’ ਨਹੀਂ ਹੋਣ ਦੇਵਾਂਗੇ| ਇੱਥੇ ਜਿਕਰ ਕਰਨਾ ਬਣਦਾ ਹੈ ਕਿ ਦਿੱਲੀ ਵਿੱਚ 1984 ਵਿੱਚ ਸਿੱਖ ਵਿਰੋਧੀ ਦੰਗੇ ਭੜਕੇ ਸਨ, ਜਿਸ ਵਿੱਚ ਸੈਂਕੜੇ ਬੇਕਸੂਰ ਵਿਅਕਤੀ ਮਾਰੇ ਗਏ ਸਨ| ਅਦਾਲਤ ਨੇ ਕਿਹਾ ਕਿ ਹਾਈਕੋਰਟ ਵਿੱਚ ਅਜੇ ਵੀ 1984 ਦੇ ਪੀੜਤਾਂ ਦੇ ਮੁਆਵਜੇ ਦੇ ਮਾਮਲੇ ਚਲ ਰਹੇ ਹਨ ਅਤੇ ਅਜਿਹੀ ਹਿੰਸਾ ਮੁੜ ਨਹੀਂ ਹੋਣੀ ਚਾਹੀਦੀ| ਅਦਾਲਤ ਨੇ ਕਿਹਾ ਕਿ ਦਿੱਲੀ ਵਿੱਚ ਮੌਜੂਦਾ ਹਿੰਸਾ ਕਾਰਨ ਮਾਹੌਲ ਬਹੁਤ ਹੀ ਨਾਜ਼ਕ ਹੋ ਗਿਆ ਹੈ ਪਰ ਹਾਲਾਤ ਕਾਬੂ ਵਿੱਚ ਰੱਖਣੇ ਹੋਣਗੇ| ਹਾਈ ਕੋਰਟ ਦੀ ਸਖਤ ਟਿੱਪਣੀ ਤੇ ਕੇਂਦਰ ਸਰਕਾਰ ਦੇ ਵਕੀਲ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ ਇਸ ਦੌਰਾਨ ਡੀ. ਸੀ. ਪੀ. ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਅਤੇ ਇਕ ਕਾਂਸਟੇਬਲ ਦੀ ਜਾਨ ਜਾ ਚੁੱਕੀ ਹੈ| ਇਸ ਦੌਰਾਨ ਦਿੱਲੀ ਹਾਈ ਕੋਰਟ ਨੇ ਉੱਤਰੀ-ਪੂਰਬੀ ਦਿੱਲੀ ਵਿੱਚ ਆਈ. ਬੀ. ਅਧਿਕਾਰੀ ਦੀ ਮੌਤ ਤੇ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਇਕ ਇਹ ਬਹੁਤ ਹੀ ਬਦਕਿਸਮਤੀਪੂਰਨ ਹੈ| ਹਾਈਕੋਰਟ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਵਿਅਕਤੀਗਤ ਰੂਪ ਨਾਲ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ| ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਵੀ ਕਿਹਾ ਹੈ ਕਿ ਪੀੜਤਾਂ ਨੂੰ ਮੁਆਵਜਾ ਮਿਲਨਾ ਯਕੀਨੀ ਕੀਤਾ ਜਾਵੇ|






