May 24, 2026
#ਦੇਸ਼ ਦੁਨੀਆਂ

ਉਪ ਰਾਸ਼ਟਰਪਤੀ ਲਈ ਕਿਸੇ ਮਹਿਲਾ ਉਮੀਦਵਾਰ ਦੀ ਚੋਣ ਕਰਾਂਗਾ: ਬਿਡੇਨ

ਵਾਸ਼ਿੰਗਟਨ – ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਨੇ ਅੱਜ ਐਲਾਨ ਕੀਤਾ ਕਿ ਜੇਕਰ ਡੈਮੋਕਰੈਟਿਕ ਉਮੀਦਵਾਰ ਵਜੋਂ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਹਾਸਲ ਕਰਨ ਵਿੱਚ ਸਫਲ ਰਹਿੰਦੇ ਹਨ ਤਾਂ ਉਹ ਉਪ ਰਾਸ਼ਟਰਪਤੀ ਵਜੋਂ ਕਿਸੇ ਮਹਿਲਾ ਉਮੀਦਵਾਰ ਦੀ ਚੋਣ ਕਰਨਗੇ।ਹਾਲ ਦੀ ਘੜੀ ਬਿਡੇਨ ਇਸ ਦੌੜ ’ਚ ਆਪਣੇ ਰਵਾਇਤੀ ਵਿਰੋਧੀ ਬਰਨੀ ਸੈਂਡਰਜ਼ ਤੋਂ ਕਿਤੇ ਅੱਗੇ ਹਨ। ਡੈਮੋਕਰੈਟਾਂ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਹਾਸਲ ਕਰਨ ਦੀ ਦੌੜ ਬਿਡੇਨ ਤੇ ਵਰਮੌਂਟ ਤੋਂ ਸੈਨੇਟਰ ਸੈਂਡਰਜ਼ ਵਿਚਾਲੇ ਸਿੱਧੇ ਮੁਕਾਬਲੇ ਤਕ ਸੀਮਤ ਰਹਿ ਗਈ ਹੈ। ਸੀਐੱਨਐੱਨ ਦੀ ਮੇਜ਼ਬਾਨੀ ਵਾਲੀ ਹਾਲੀਆ ਡਿਬੇਟ ਦੌਰਾਨ ਬਿਡੇਨ ਤੇ ਸੈਂਡਰਜ਼ ਇਕ ਦੂਜੇ ਨੂੰ ਟੱਕਰੇ ਸਨ। ਲੰਘੇ ਦਿਨ ਹੋਈ ਇਸ ਡਿਬੇਟ ਦੌਰਾਨ ਬਿਡੇਨ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ, ‘ਮੈਂ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਇਕ ਔਰਤ ਦੀ ਚੋਣ ਕਰਾਂਗਾ।’ ਬਿਡੇਨ ਨੇ ਜ਼ੋਰ ਦੇ ਕੇ ਆਖਿਆ, ‘ਮੈਂ ਐਲਾਨ ਕਰਦਾ ਹਾਂ ਕਿ ਜੇਕਰ ਮੈਂ ਰਾਸ਼ਟਰਪਤੀ ਚੁਣਿਆ ਜਾਂਦਾ ਹਾਂ ਅਤੇ ਮੈਨੂੰ ਕਿਸੇ ਨੂੰ ਅਦਾਲਤਾਂ ’ਚ ਨਿਯੁਕਤ ਕਰਨ ਦਾ ਮੌਕਾ ਮਿਲਦਾ ਹੈ ਤਾਂ ਮੈਂ ਕਿਸੇ ਸਿਆਹਫਾਮ ਔਰਤ ਨੂੰ ਇਹ ਜ਼ਿੰਮੇਵਾਰੀ ਸੌਂਪਾਂਗਾ।’